ਲੁਧਿਆਣਾ, 5 ਮਾਰਚ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਹੋਲੀ ਵਾਲੇ ਦਿਨ ਹੁੱਲੜਬਾਜ਼ਾਂ ਦਾ ਪੂਰਾ ਰਾਜ ਰਿਹਾ, ਭਾਵੇਂ ਕਿ ਪੁਲਿਸ ਵਲੋਂ ਹੁੱਲੜਬਾਜ਼ਾਂ ਨਾਲ ਨਜਿੱਠਣ ਲਈ ਸਖ਼ਤੀ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ, ਪਰ ਇਹ ਦਾਅਵੇ ਖੋਖਲੇ ਸਾਬਤ ਹੋ ਗਏ | ਸ਼ਹਿਰ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇਗਾ, ਜਿੱਥੇ ਕਿ ਹੁੱਲੜਬਾਜ਼ਾਂ ਵਲੋਂ ਰਾਹ ਜਾਂਦੀਆਂ ਲੜਕੀਆਂ ਅਤੇ ਹੋਰ ਵਿਅਕਤੀਆਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਂਦਾ ਰਿਹਾ ਹੋਵੇ | ਹਾਲਾਂਕਿ ਸ਼ਹਿਰ ਵਿਚ ਕੁੱਝ ਹੋਲੀ ਦੇ ਮੌਕੇ ਖਾਸ ਪ੍ਰੋਗਰਾਮਾਂ ਦਾ ਇੰਤਜ਼ਾਮ ਕੀਤਾ ਗਿਆ ਸੀ, ਪਰ ਇੱਥੇ ਵੀ ਗੁੰਡਾਗਰਦੀ ਦਾ ਪੂਰਾ ਰਾਜ ਰਿਹਾ | ਹੋਲੀ ਵਾਲੇ ਦਿਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹੋਈਆਂ ਲੜਾਈਆਂ ਵਿਚ 100 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਹਨ | ਇਹਨਾਂ ਮਾਮਲਿਆਂ ਵਿਚ ਪੁਲਿਸ ਵਲੋਂ ਜਾਂਚ ਕਰਨ ਦਾ ਕਹਿ ਕੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਜਾਣਕਾਰੀ ਅਨੁਸਾਰ ਹੋਲੀ ਵਾਲੇ ਦਿਨ ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਨੌਜਵਾਨ ਟੋਲੀਆਂ ਬਣਾ ਕੇ ਹੋਲੀ ਖੇਡਦੇ ਨਜ਼ਰ ਆਏ ਅਤੇ ਇਸ ਦੌਰਾਨ ਸ਼ਹਿਰ ਵਿਚ ਜੰਮ ਕੇ ਹੁੱਲੜਬਾਜ਼ੀ ਹੋਈ | ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ, ਸਰਾਭਾ ਨਗਰ, ਘੁਮਾਰ ਮੰਡੀ ਤੋਂ ਇਲਾਵਾ ਅੰਦਰੂਨੀ ਇਲਾਕਿਆਂ ਵਿਚ ਵੀ ਇਹਨਾਂ ਹੁੱਲੜਬਾਜ਼ਾਂ ਦਾ ਪੂਰਾ ਰਾਜ ਰਿਹਾ | ਪੁਲਿਸ ਵਲੋਂ ਹਾਲਾਂਕਿ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਇਹਨਾਂ ਨੂੰ ਸਬਕ ਵੀ ਸਿਖਾਇਆ ਗਿਆ, ਪਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇਹਨਾਂ ਹੁੱਲੜਬਾਜ਼ੀਆਂ ਤੋਂ ਕਾਫ਼ੀ ਘੱਟ ਹੋਣ ਕਾਰਨ ਹੁੱਲੜਬਾਜ਼ੀਆਂ ਵਲੋਂ ਦੇਰ ਸ਼ਾਮ ਤੱਕ ਸ਼ਹਿਰ ਵਿਚ ਗੁੰਡਾਗਰਦੀ ਕੀਤੀ ਜਾਂਦੀ ਰਹੀ | ਦੇਰ ਸ਼ਾਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹੋਈਆਂ ਲੜਾਈਆਂ ਵਿਚ 100 ਤੋਂ ਵੱਧ ਨੌਜਵਾਨਾਂ ਅਤੇ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ | ਦੇਰ ਰਾਤ ਤੱਕ ਸਿਵਲ ਹਸਪਤਾਲ ਵਿਚ ਲੜਾਈਆਂ ਵਿਚ ਜ਼ਖਮੀ ਹੋਏ ਵਿਅਕਤੀਆਂ ਦੀ ਮੈਡੀਕਲ ਜਾਂਚ ਕਰਵਾਉਣ ਲਈ ਲਾਈਨਾਂ ਲੱਗੀਆਂ ਹੋਈਆਂ ਸਨ | ਪੁਲਿਸ ਵਲੋਂ ਇਹਨਾਂ ਮਾਮਲਿਆਂ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਸੀ | ਇਸ ਤੋਂ ਇਲਾਵਾ ਸ਼ਹਿਰ ਵਿਚ ਤੇਜ਼ ਰਫ਼ਤਾਰ ਦੇ ਅੱਧੀ ਦਰਜਨ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕਾਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ | ਇਹਨਾਂ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਸੂਚਨਾ ਹੈ | ਟਰੈਫ਼ਿਕ ਪੁਲਿਸ ਤੋਂ ਮਿਲੀ ਸੂਚਨਾ ਅਨੁਸਾਰ ਸ਼ਹਿਰ ਵਿਚ ਹੋਲੀ ਵਾਲੇ ਦਿਨ ਰਿਕਾਰਡ ਤੋੜ 1950 ਦੇ ਕਰੀਬ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ | ਇਹਨਾਂ ਵਿਚ ਜ਼ਿਆਦਾਤਰ ਵਾਹਨ ਚਾਲਕ ਹੋਲੀ ਮੌਕੇ ਹੁੱਲੜਬਾਜ਼ੀ ਕਰ ਰਹੇ ਸਨ | ਪੁਲਿਸ ਵਲੋਂ ਜਿਨ੍ਹਾਂ ਦੋਸ਼ਾਂ ਤਹਿਤ ਚਲਾਨ ਕੀਤੇ ਗਏ, ਉਨ੍ਹਾਂ ਵਿਚ 525 ਦੇ ਕਰੀਬ ਵਾਹਨ ਚਾਲਕ, ਜੋ ਕਿ ਤੀਹਰੀ ਸਵਾਰੀ ਕਰ ਰਹੇ ਸਨ | ਉਨ੍ਹਾਂ ਨੂੰ ਪੁਲਿਸ ਵਲੋਂ ਰੋਕਿਆ ਗਿਆ ਅਤੇ ਚਲਾਨ ਕੀਤੇ ਗਏ | ਇਸ ਤੋਂ ਇਲਾਵਾ 50 ਦੇ ਕਰੀਬ ਸ਼ਰਾਬੀ ਵਾਹਨ ਚਾਲਕਾਂ ਦੇ ਵੀ ਪੁਲਿਸ ਵਲੋਂ ਚਲਾਨ ਕੀਤੇ ਗਏ ਹਨ | ਬਿਨਾਂ ਹੈਲਮਟ ਦੇ 475, ਗ਼ਲਤ ਸਾਈਡ 'ਤੇ ਵਾਹਨ ਚਲਾਉਣ ਦੇ 185 ਚਲਾਨ ਪੁਲਿਸ ਵਲੋਂ ਕੀਤੇ ਗਏ | ਇਸ ਤੋਂ ਇਲਾਵਾ ਪੁਲਿਸ ਵਲੋਂ ਇਕ ਦਰਜਨ ਤੋਂ ਵੱਧ ਵਾਹਨ ਕਬਜ਼ੇ ਵਿਚ ਵੀ ਲਏ ਗਏ ਸਨ, ਪਰ ਪੁਲਿਸ ਦੀ ਇਹ ਕਾਰਵਾਈ ਵਾਹਨ ਦੇ ਚਲਾਨਾਂ ਤੱਕ ਹੀ ਸੀਮਤ ਰਹੀ, ਜਦਕਿ ਹੋਲੀ ਦੇ ਦਿਨ ਇਹਨਾਂ ਗੁੰਡਾਅੰਸਰਾਂ ਦਾ ਸ਼ਹਿਰ ਵਿਚ ਪੂਰਾ ਰਾਜ ਰਿਹਾ | ਪੁਲਿਸ ਵਲੋਂ ਕੁੱਝ ਥਾਵਾਂ 'ਤੇ ਇਹਨਾਂ ਹੁੱਲੜਬਾਜ਼ਾਂ ਨੂੰ ਬੈਠਕਾਂ ਕਢਵਾਈਆਂ ਗਈਆਂ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ |