ਲੁਧਿਆਣਾ, 5 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਖ਼ਤਰਨਾਕ ਵਾਹਨ ਚੋਰ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚ ਲੱਖਾਂ ਰੁਪਏ ਮੁੱਲ ਦੇ ਵਾਹਨ ਅਤੇ ਹਥਿਆਰ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਥਾਣਾ ਜਮਾਲਪੁਰ ਦੇ ਐਸ.ਐਚ.ਓ. ਦਲਵੀਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਅਮਲ ਵਿਚ ਲਿਆਂਦੀ ਤੇ ਇਸ ਸਬੰਧੀ ਪੁਲਿਸ ਨੇ ਸਾਹਿਲ ਸਿੰਘ ਪੁੱਤਰ ਦੇਸ਼ ਸਿੰਘ ਵਾਸੀ ਜਮਾਲਪੁਰ, ਜਗਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗੋਬਿੰਦ ਨਗਰ, ਅਨਮੋਲ ਰਤਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਤਾਜਪੁਰ, ਕਰਮਜੀਤ ਸਿੰਘ ਵਾਸੀ ਗਰੀਨ ਸਿਟੀ ਅਤੇ ਮੋਹਿਤ ਪੁੱਤਰ ਸ਼ਲਿੰਦਰ ਪਾਲ ਵਾਸੀ ਸਰਪੰਚ ਕਾਲੋਨੀ ਵਜੋਂ ਕੀਤੀ ਗਈ ਹੈ | ਜਦਕਿ ਇਹਨਾਂ ਦਾ ਇਕ ਸਾਥੀ ਪਾਰਸ ਅਜੇ ਫ਼ਰਾਰ ਹੈ | ਉਨ੍ਹਾਂ ਦੱਸਿਆ ਕਿ ਕਰਮਜੀਤ, ਜਗਜੀਤ ਅਤੇ ਮੋਹਿਤ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ | ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿਚੋਂ ਤਿੰਨ ਮੋਟਰਸਾਈਕਲ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ | ਜਦਕਿ ਇਹਨਾਂ ਦੇ ਸਾਥੀ ਭਗਤ ਸਿੰਘ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਉਸ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਕਥਿਤ ਦੋਸ਼ੀ ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਰਗਰਮ ਸਨ |