ਲੁਧਿਆਣਾ, 5 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਲੁਧਿਆਣਾ ਦਾ ਵਿਸ਼ੇਸ਼ ਦੌਰਾ ਕੀਤਾ ਗਿਆ | ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਸਦੀਪ ਸਿੰਘ ਕਾਉਂਕੇ ਨੇ ਸਾਥੀਆਂ ਸਮੇਤ ਸ. ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ | ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ. ਕਾਉਂਕੇ ਨੇ ਦੱਸਿਆ ਕਿ ਇਹ ਮੁਲਾਕਾਤ ਯੂਥ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਉੱਤੇ ਅਕਾਲੀ ਦਲ ਦੀਆਂ ਨੀਤੀਆਂ ਨੂੰ ''ਪੰਜਾਬ ਬਚਾਓ, ਸੁਖਬੀਰ ਬਾਦਲ ਲਿਆਓU ਮੁਹਿੰਮ ਤਹਿਤ ਹਰ ਘਰ ਤੱਕ ਪਹੁੰਚਾਉਣ ਦੀ ਗਤੀ ਹੋਰ ਤੇਜ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਜਿੱਥੇ ਉਨ੍ਹਾਂ ਦੇ ਟੀਮ ਲੋਕਾਂ ਨੂੰ ਘਰ-ਘਰ ਜਾ ਕੇ ਛੋਟੀਆਂ ਛੋਟੀਆਂ ਮੀਟਿੰਗਾਂ ਰਾਹੀਂ ਜਾਗਰੂਕ ਕਰ ਰਹੀ ਹੈ ਉੱਥੇ ਹੀ ਵੱਡੇ ਇਕੱਠ ਕਰਕੇ ਵੀ ਲੋਕਾਂ ਨੂੰ ਅਕਾਲੀ ਦਲ ਦੀ ਕਾਰਜਕੁਸ਼ਲਤਾ ਬਾਰੇ ਜਾਣੂ ਕਰਵਾਇਆ ਜਾਵੇਗਾ | ਉਨ੍ਹਾਂ 2027 'ਚ ਪੰਜਾਬ ਵਿਚ ਅਕਾਲੀ ਦਲ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਨ ਦਾ ਦਾਅਵਾ ਕੀਤਾ | ਉਨਾਂ ਦੱਸਿਆ ਕਿ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਹੋਇਆ ਸੀ ਉਨਾ ਕਿਸੇ ਵੀ ਸਰਕਾਰ ਦੇ ਰਾਜ ਵਿਚ ਨਹੀਂ ਹੋਇਆ | ਇਹ ਗੱਲ ਸੂਬੇ ਦੀ ਜਨਤਾ ਸਮਝ ਚੁੱਕੀ ਹੈ ਅਤੇ ਉਹ ਹਰ ਪੱਖੋਂ ਅਕਾਲੀ ਦਲ ਦੇ ਨਾਲ ਹੈ | ਇਸ ਮੌਕੇ ਜੱਥੇਦਾਰ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਤੋਂ ਇਲਾਵਾ ਨਰੇਸ਼ ਧੀਗਾਨ, ਸਿਮਰਨਜੀਤ ਸਿੰਘ ਹਨੀ, ਪਿ੍ਤਪਾਲ ਸਿੰਘ ਰੰਧਾਵਾ, ਰਮਨ ਸਿੱਧੂ, ਮਨੀ ਖਾਲਸਾ, ਕਵਲਜੀਤ ਸਿੰਘ, ਗੁਰਮੀਤ ਸਿੰਘ ਹੈਬੋਵਾਲ ਆਦਿ ਹਾਜਰ ਸਨ |