ਲਾਡੋਵਾਲ, 5 ਮਾਰਚ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਬਾੜੇਵਾਲ ਡੋਗਰਾਂ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਮਹਿਕਮਾ ਬਲਾਕ ਮਾਂਗਟ ਦੇ ਬਲਾਕ ਅਫ਼ਸਰ ਡਾ. ਧੰਨਰਾਜ ਦਾ ਇਲਾਕੇ ਦੇ ਕਿਸਾਨਾਂ ਅਤੇ ਹੋਰਾਂ ਵਲੋਂ ਉਨ੍ਹਾਂ ਨੂੰ ਚਾਰਜ ਸੰਭਾਲਣ 'ਤੇ ਪੁਰਜ਼ੋਰ ਸਵਾਗਤ ਕੀਤਾ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਨੰਬਰਦਾਰ ਸੁਪਿੰਦਰ ਸਿੰਘ ਵਿਰਕ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ, ਜੱਸੀਆਂ ਕੋਆਪਰੇਟਿਵ ਸੁਸਾਇਟੀ ਦੇ ਸਕੱਤਰ ਕਰਮਪਾਲ ਸਿੰਘ ਵਿਰਕ ਅਤੇ ਨੰਬਰਦਾਰ ਗੁਰਪ੍ਰੀਤ ਸਿੰਘ ਗੋਪੀ ਬਾੜੇਵਾਲ ਨੇ ਦੱਸਿਆ ਕਿ ਖੇਤੀਬਾੜੀ ਬਲਾਕ ਅਫ਼ਸਰ ਡਾ. ਧੰਨਰਾਜ ਅੱਗੇ ਇਲਾਕੇ ਦੇ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਰੱਖੀਆਂ ਅਤੇ ਉਨ੍ਹਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ, ਕਿਉਂਕਿ ਡਾ. ਧੰਨਰਾਜ ਇਲਾਕੇ ਅੰਦਰ ਪਹਿਲਾਂ ਵੀ ਆਪਣੀਆਂ ਵਧੀਆ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਵਿਭਾਗ ਵਲੋਂ ਮਿਲਣ ਵਾਲੀਆਂ ਸਹੂਲਤਾਂ ਵੀ ਸਮੇਂ-ਸਮੇਂ ਸਿਰ ਪ੍ਰਦਾਨ ਕਰਦੇ ਰਹੇ ਹਨ | ਇਸ ਮੌਕੇ ਡਾ. ਧੰਨਰਾਜ ਨੂੰ ਸੁਪਿੰਦਰ ਸਿੰਘ ਵਿਰਕ, ਬਲਵੀਰ ਸਿੰਘ ਬਾੜੇਵਾਲ ਅਤੇ ਹੋਰਾਂ ਵਲੋਂ ਬੁੱਕੇ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਡਾ. ਧੰਨਰਾਜ ਨੇ ਕਿਸਾਨਾਂ ਅਤੇ ਹੋਰਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਸਗੋਂ ਮੌਸਮ ਮੁਤਾਬਿਕ ਜਿਸ ਚੀਜ਼ ਦੀ ਲੋੜ ਹੋਵੇਗੀ, ਉਹ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਦਫ਼ਤਰ ਵਿਚ ਆਉਣ ਵਾਲੇ ਕਿਸਾਨਾਂ ਅਤੇ ਹੋਰਾਂ ਨੂੰ ਬਣਦਾ ਮਾਣ ਸਨਮਾਨ ਦੇ ਕੇ ਨਿਵਾਜਿਆ ਜਾਵੇਗਾ ਅਤੇ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਡਾ. ਜਤਿੰਦਰ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਰੀਤਕਾ ਇਯਾਲੀ ਖੁਰਦ, ਦਵਿੰਦਰ ਸਿੰਘ, ਸੌਰਵ ਜੈਨ, ਜਸਪਾਲ ਸਿੰਘ, ਸਰਪੰਚ ਜੁਗਰਾਜ ਸਿੰਘ ਜੱਸੀਆਂ, ਗੁਰਵਿੰਦਰ ਸਿੰਘ ਚੂਹੜਪੁਰ ਅਤੇ ਬਲਜੀਤ ਸਿੰਘ ਜੱਸੀਆਂ ਆਦਿ ਵੀ ਹਾਜ਼ਰ ਸਨ |