ਲੁਧਿਆਣਾ, 5 ਮਾਰਚ (ਡਾ. ਤਰਲੋਚਨ ਸਿੰਘ)-ਸਿਹਤ ਵਿਭਾਗ, ਲੁਧਿਆਣਾ ਵਲੋਂ ਕਿਸ਼ੋਰੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਦੇ ਮਕਸਦ ਨਾਲ 90 ਦਿਨਾਂ ਦਾ ਹਿਊਮਨ ਪੈਪੀਲੋਮਾ ਵਾਇਰਸ (ਐੱਚ.ਪੀ.ਵੀ.) ਟੀਕਾਕਰਨ ਮੁਹਿੰਮ ਸਰਕਾਰੀ ਹਸਪਤਾਲ ਵਿਖੇ ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਸਰਵਾਈਕਲ ਕੈਂਸਰ ਉਨ੍ਹਾਂ ਕੈਂਸਰਾਂ ਵਿਚੋਂ ਇਕ ਹੈ, ਜਿਸ ਤੋਂ ਸਮੇਂ ਸਿਰ ਟੀਕਾਕਰਨ ਅਤੇ ਜਾਗਰੂਕਤਾ ਰਾਹੀਂ ਕਾਫ਼ੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਐੱਚ.ਪੀ.ਵੀ. ਟੀਕਾ ਸੁਰੱਖਿਅਤ ਅਤੇ ਬਹੁਤ ਪ੍ਰਭਾਵਸ਼ਾਲੀ ਰੋਕਥਾਮੀ ਉਪਾਅ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਆਪਣੀਆਂ 14 ਤੋਂ 15 ਸਾਲ ਦੀ ਉਮਰ ਵਾਲੀਆਂ ਧੀਆਂ ਨੂੰ ਇਸ ਵਿਸ਼ੇਸ਼ ਮੁਹਿੰਮ ਦੌਰਾਨ ਟੀਕਾ ਜ਼ਰੂਰ ਲਗਵਾਉਣ | ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਇਸ ਮਹੱਤਵਪੂਰਨ ਜਨ ਸਿਹਤ ਮੁਹਿੰਮ ਦੀ ਸਫਲਤਾ ਲਈ ਸਮਾਜ ਅਤੇ ਮਾਪਿਆਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਭਿਆਨ ਦੀ ਸਫਲ ਕਾਰਗੁਜ਼ਾਰੀ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਲਾਭਪਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਜ਼ਿਲੇ੍ਹ ਦੀਆਂ 19 ਸਿਹਤ ਸੰਸਥਾਵਾਂ ਵਿਚ ਟੀਕਾਕਰਨ ਸੈਸ਼ਨ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਟੀਕਾਕਰਨ ਮੁਹਿੰਮ ਸਿਵਲ ਹਸਪਤਾਲ ਲੁਧਿਆਣਾ, ਐਸ.ਡੀ.ਐਚ. ਖੰਨਾ, ਅੱੈਸ.ਡੀ.ਅੱੈਚ. ਸਮਰਾਲਾ, ਐੱਸ.ਡੀ.ਐੱਚ. ਰਾਏਕੋਟ, ਐੱਸ.ਡੀ.ਅੱੈਚ. ਜਗਰਾਉਂ, ਸੀ.ਐਚ.ਸੀ. ਸਾਹਨੇਵਾਲ, ਸੀ.ਐਚ.ਸੀ. ਪਾਇਲ, ਸੀ.ਐੱਚ.ਸੀ. ਮਾਨੂੰਪੁਰ, ਸੀ.ਐੱਚ.ਸੀ. ਪੱਖੋਵਾਲ, ਸੀ.ਐੱਚ.ਸੀ. ਸਿੱਧਵਾਂ ਬੇਟ, ਸੀ.ਐੱਚ.ਸੀ. ਕੂਮਕਲਾਂ, ਸੀ.ਐਚ.ਸੀ. ਹਠੂਰ, ਸੀ.ਐੱਚ.ਸੀ. ਮਾਛੀਵਾੜਾ, ਸੀ.ਐਚ.ਸੀ. ਸੁਧਾਰ, ਸੀ.ਐਚ.ਸੀ. ਮਲੌਦ, ਸੀ.ਐੱਚ.ਸੀ. ਡੇਹਲੋਂ, ਯੂ.ਸੀ.ਜੀ.ਸੀ. ਜਵੱਦੀ, ਐਮ.ਸੀ.ਐਚ. ਵਰਧਮਾਨ ਵਿਚ ਚੱਲੇਗੀ | ਸਿਹਤ ਵਿਭਾਗ ਨੇ ਲੁਧਿਆਣਾ ਜ਼ਿਲੇ੍ਹ ਦੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ 90 ਦਿਨਾਂ ਦੀ ਮੁਹਿੰਮ ਦਾ ਪੂਰਾ ਲਾਭ ਲੈਣ ਅਤੇ ਯੋਗ ਕਿਸ਼ੋਰੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ, ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਿਹਤਮੰਦ ਅਤੇ ਕੈਂਸਰ-ਮੁਕਤ ਭਵਿੱਖ ਦਿੱਤਾ ਜਾ ਸਕੇ | ਇਸ ਮੌਕੇ ਐੱਸ.ਐੱਮ.ਓ. ਡਾ. ਰੋਹਿਤ ਰਾਮਪਾਲ ਅਤੇ ਐੱਸ.ਐੱਮ.ਓ. ਡਾ. ਅਖਿਲ ਸਰੀਨ ਵੀ ਹਾਜ਼ਰ ਸਨ |