ਲੁਧਿਆਣਾ, 5 ਮਾਰਚ (ਡਾ. ਤਰਲੋਚਨ ਸਿੰਘ)-ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਅੱਜ ਵਾਰਡ ਨੰਬਰ 45 ਵਿਖੇ ਗਿੱਲ ਰੋਡ ਦੀ ਸੜਕ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਇਲਾਕਾ ਨਿਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਵਿਧਾਇਕ ਸਿੱਧੂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਪਹੁੰਚੇ ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਵਿਧਾਇਕ ਸਿੱਧੂ ਦੇ ਰੂਪ ਵਿਚ ਸਾਨੂੰ ਇਕ ਇਮਾਨਦਾਰ ਅਤੇ ਨੇਕ ਦਿਲ ਵਿਧਾਇਕ ਮਿਲਿਆ ਹੈ, ਜੋ ਇਲਾਕੇ ਦੇ ਕੰਮਾਂ ਨੂੰ ਆਪਣਾ ਨਿੱਜੀ ਕੰਮ ਸਮਝ ਕੇ ਕਰਦਾ ਹੈ | ਇਸ ਸੜਕ ਦੇ ਉਦਘਾਟਨ ਦੀ ਜਾਣਕਾਰੀ ਦਿੰਦਿਆਂ ਇਲਾਕਾ ਕੌਂਸਲਰ ਪਰਮਿੰਦਰ ਸਿੰਘ ਸੋਮਾ ਨੇ ਦੱਸਿਆ ਕਿ ਇਹ ਸੜਕ ਦੋ ਪੜਾਵਾਂ ਵਿਚ ਬਣਾਈ ਜਾਵੇਗੀ, ਜਿਸ ਦੀ ਲਾਗਤ ਲਗਭਗ 11 ਕਰੋੜ ਦੇ ਕਰੀਬ ਹੈ | ਪਹਿਲੇ ਪੜਾਅ ਵਿਚ ਬਣਨ ਵਾਲੀ ਸੜਕ ਦੀ ਲਾਗਤ 5 ਕਰੋੜ 11 ਲੱਖ ਦੇ ਕਰੀਬ ਹੈ | ਉਨ੍ਹਾਂ ਦੱਸਿਆ ਕਿ ਇਹ ਸੜਕ ਗਿੱਲ ਚੌਕ ਤੋਂ ਕੁਆਲਿਟੀ ਕੰਡੇ ਤੱਕ ਬਣਾਈ ਜਾਵੇਗੀ, ਜੋ ਕਿ ਦੋਨਾਂ ਪਾਸਿਆਂ ਤੋਂ ਅੱਧਾ ਕਿੱਲੋਮੀਟਰ ਦਾ ਏਰੀਆ ਹੋਵੇਗਾ | ਇਸ ਮੌਕੇ ਕੌਂਸਲਰ ਯੁਵਰਾਜ ਸਿੰਘ ਸਿੱਧੂ, ਬਲਦੇਵ ਸਿੰਘ ਸਿੱਧੂ, ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ, ਕੌਂਸਲਰ ਸੋਹਣ ਸਿੰਘ ਗੋਗਾ, ਰੇਸ਼ਮ ਸਿੰਘ ਸੱਗੂ, ਪੀ.ਏ. ਕਮਲਦੀਪ ਕਪੂਰ, ਪ੍ਰਧਾਨ ਗੁਰਪ੍ਰੀਤ ਸਿੰਘ ਰਾਜਾ, ਚੇਅਰਮੈਨ ਮਨਪ੍ਰੀਤ ਸਿੰਘ, ਵਿਪਨ ਸੇਠੀ ਬਲਾਕ ਪ੍ਰਧਾਨ ਰਿੰਕੂ, ਸੁਖਵਿੰਦਰ ਸਿੰਘ ਦਹੇਲਾ, ਅਸ਼ੋਕ ਪੁਰੀ ਟਰੇਡ ਵਿੰਗ, ਵਿਧਾਇਕ ਸਿੱਧੂ ਦੇ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ |