ਲੁਧਿਆਣਾ, 7 ਮਾਰਚ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿੱਤ ਅਕਾਦਮੀ, ਲੁਧਿਆਣਾ ਦੀ 15 ਮਾਰਚ ਨੂੰ ਪੰਜਾਬੀ ਭਵਨ ਵਿਖੇ ਹੋ ਰਹੀ ਚੋਣ ਦੇ ਮੱਦੇਨਜ਼ਰ ਸਾਹਿੱਤਿਕ ਹਲਕਿਆਂ ਵਿਚ ਚਰਚਾ ਤੇ ਸਰਗਰਮੀ ਤੇਜ਼ ਹੋ ਗਈ ਹੈ | ਇਕ ਸਾਂਝੇ ਪ੍ਰੈੱਸ ਬਿਆਨ ਵਿਚ ਕਈ ਪ੍ਰਮੁੱਖ ਸਾਹਿਤਕਾਰਾਂ ਨੇ ਅਕਾਦਮੀ ਦੀ ਪ੍ਰਧਾਨਗੀ ਲਈ ਉਮੀਦਵਾਰ ਡਾ. ਸਰਬਜੀਤ ਸਿੰਘ ਨੂੰ ਵੋਟ ਪਾਉਣ, ਉਨ੍ਹਾਂ ਦੀ ਹਮਾਇਤ ਕਰਨ ਅਤੇ ਉਨ੍ਹਾਂ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਹੈ | ਜਾਰੀ ਬਿਆਨ ਵਿਚ ਭਾਰਤੀ ਸਾਹਿੱਤ ਅਕਾਦਮੀ ਇਨਾਮ ਜੇਤੂ ਕਵੀ ਦਰਸ਼ਨ ਬੁੱਟਰ, ਸ਼ੇਖ਼ ਬਾਬਾ ਫ਼ਰੀਦ ਚੇਅਰ, ਪੰਜਾਬ ਯੂਨੀਵਰਸਿਟੀ ਦੇ ਸਾਬਕਾ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ, 'ਹੁਣ' ਦੇ ਸੰਪਾਦਕ ਸੁਸ਼ੀਲ ਦੁਸਾਂਝ, ਪੰਜਾਬੀ ਲੋਕ-ਧਾਰਾ ਦੇ ਵਿਦਵਾਨ ਡਾ. ਕਰਮਜੀਤ ਸਿੰਘ, ਮੈਟਾ ਆਲੋਚਕ ਡਾ. ਸ਼ਿੰਦਰਪਾਲ ਸਿੰਘ, ਗ਼ਜ਼ਲਕਾਰ ਮੱਖਣ ਕੁਹਾੜ, ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਸ਼ਾਇਰ ਬਲਵਿੰਦਰ ਸੰਧੂ, ਸੁਰਿੰਦਰਪ੍ਰੀਤ ਸਿੰਘ ਘਣੀਆ, ਜੈਨਿੰਦਰ ਚੌਹਾਨ ਅਤੇ 'ਕੌਮੀ ਸਵਤੰਤਰ' ਦੇ ਮੁੱਖ ਸੰਪਾਦਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਕਿਹਾ ਕਿ ਡਾ. ਸਰਬਜੀਤ ਸਿੰਘ ਪੰਜਾਬੀ ਸਾਹਿੱਤ ਅਤੇ ਸਭਿਆਚਾਰ ਪ੍ਰਤੀ ਵਚਨਬੱਧ, ਸਰਗਰਮ ਅਤੇ ਦੂਰਦਰਸ਼ੀ ਚਿੰਤਕ ਹਨ | ਉਨ੍ਹਾਂ ਕਿਹਾ ਕਿ ਡਾ. ਸਰਬਜੀਤ ਸਿੰਘ ਨੇ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ, ਸਾਹਿੱਤ ਅਤੇ ਲੋਕ-ਸਭਿਆਚਾਰ ਦੇ ਪ੍ਰਸਾਰ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ | ਉਨ੍ਹਾਂ ਦੀ ਅਗਵਾਈ ਹੇਠ ਪਿਛਲੇ ਦੋ ਵਰਿ੍ਹਆਂ ਦੌਰਾਨ ਪੰਜਾਬੀ ਸਾਹਿੱਤ ਅਕਾਦਮੀ ਵਲੋਂ ਕਈ ਅਹਿਮ ਸਾਹਿੱਤਿਕ ਕਾਰਜ ਕੀਤੇ ਗਏ ਹਨ | ਉਨ੍ਹਾਂ ਅਕਾਦਮੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ 15 ਮਾਰਚ ਨੂੰ ਪੰਜਾਬੀ ਭਵਨ ਵਿਖੇ ਹੋਣ ਵਾਲੀ ਚੋਣ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹੋਏ ਡਾ. ਸਰਬਜੀਤ ਸਿੰਘ ਦੇ ਹੱਕ ਵਿਚ ਵੋਟ ਪਾਉਣ ਅਤੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ |