12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਣ-ਅਧਿਕਾਰਤ ਇਮਾਰਤਾਂ ਦੀ ਉਸਾਰੀ ਦੇ ਕੰਮ ਨੂੰ ਰੋਕਣ ਵਿਚ ਗਲਾਡਾ ਪੂਰੀ ਤਰ੍ਹਾਂ ਅਸਫਲ <br/>

Ad Position 21
No active advertisement
ਅਜੀਤ ਡੈਸਕ 08-03-2026

ਮਨਜੀਤ ਸਿੰਘ ਦੁੱਗਰੀ
ਇਆਲੀ/ਥਰੀਕੇ, 7 ਮਾਰਚ-ਸਨਅਤੀ ਸ਼ਹਿਰ ਲੁਧਿਆਣਾ ਦੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਅਧੀਨ ਆਉਂਦੇ ਏਰੀਆ ਵਿਚ ਅਣਅਧਿਕਾਰਤ ਇਮਾਰਤਾਂ ਦੀ ਉਸਾਰੀ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ, ਜਿਸ ਦੇ ਕਾਬੂ ਪਾਉਣ ਵਿਚ ਗਲਾਡਾ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਹੀ ਹੈ | ਗਲਾਡਾ ਵਧੀਕ ਪ੍ਰਸ਼ਾਸਕ ਵਲੋਂ ਸਿਰਫ਼ ਇਨ੍ਹਾਂ ਬਣ ਰਹੀਆਂ ਅਣਅਧਿਕਾਰਤ ਇਮਾਰਤਾਂ ਦੇ ਮਾਲਕਾਂ ਨੂੰ ਨੋਟਿਸ ਭੇਜ ਕੇ ਜਾਂ ਬਣ ਰਹੀਆਂ ਇਮਾਰਤਾਂ 'ਤੇ ਨੋਟਿਸ ਚਿਪਕਾ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦਕਿ ਇਹ ਅਣਅਧਿਕਾਰਤ ਇਮਾਰਤਾਂ ਬਿਨਾਂ ਕਿਸੇ ਰੋਕ-ਟੋਕ 'ਤੇ ਬਣ ਕੇ ਤਿਆਰ ਹੋ ਰਹੀਆਂ ਹਨ | ਇਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਫ਼ਿਰੋਜ਼ਪੁਰ ਸੜਕ ਤੋਂ ਸਿਧਵਾਂ ਨਹਿਰ ਸਾਊਥ ਸਿਟੀ ਇਲਾਕਿਆਂ ਵਿਚ ਬਣੀਆਂ ਅਣਅਧਿਕਾਰਤ ਇਮਾਰਤਾਂ ਦੀ ਨਿਸ਼ਾਨਦੇਹੀ ਕਰਕੇ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਤੋਂ ਮਿਲਦੀ ਹੈ, ਜਿਸ ਨੂੰ ਲੈ ਕੇ ਗਲਾਡਾ ਦੀ ਕਾਰਜਕਾਰੀ ਸ਼ੱਕ ਦੇ ਘੇਰੇ ਅੰਦਰ ਆਉਂਦੀ ਹੈ | ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਕਿਸੇ ਵੀ ਜਗ੍ਹਾ ਉਪਰ ਬਣ ਰਹੀਆਂ ਅਣਅਧਿਕਾਰਤ ਇਮਾਰਤਾਂ ਦੀ ਉਸਾਰੀ ਰੋਕਣ ਲਈ ਨਗਰ ਅਤੇ ਗਰਾਮ ਯੋਜਨਾਬੰਦੀ ਵਿਭਾਗ ਪੰਜਾਬ, ਦਫ਼ਤਰ ਜ਼ਿਲ੍ਹਾ ਨਗਰ ਯੋਜਨਾਕਾਰ ਲੁਧਿਆਣਾ ਵਲੋਂ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਦੇ ਦਰਖਾਸਤਾਂ ਹੇਠ ਨੋਟਿਸ ਭੇਜ ਕੇ ਜਾ ਬਣ ਰਹੀ ਇਮਾਰਤ ਤੇ ਚਿਪਕਾ ਕੇ ਜਿਸ ਦਾ ਉਤਾਰਾ ਮੁੱਖ ਪ੍ਰਸ਼ਾਸਕ ਗਲਾਡਾ ਲੁਧਿਆਣਾ, ਮਿਲਖ ਅਫ਼ਸਰ ਰੈਗੂ ਗਲਾਡਾ, ਜ਼ਿਲ੍ਹਾ ਨਗਰ ਯੋਜਨਾਕਾਰ ਰੈਗੂ ਗਲਾਡਾ, ਸਬੰਧਿਤ ਸਬ ਰਜਿਸਟਰਾਰ ਤਹਿਸੀਲਦਾਰ ਅਤੇ ਸਬੰਧਿਤ ਪੀ.ਐਸ.ਪੀ.ਸੀ.ਐਲ. ਦਫ਼ਤਰਾਂ ਨੂੰ ਭੇਜ ਕੇ ਪੀ.ਆਰ.ਟੀ.ਪੀ.ਡੀ. ਐਕਟ 1995 (ਅਮੇਂਡਡ ਐਕਟ 2014) ਦੇ ਸਭ ਸੈਕਸ਼ਨ 20 (2) ਤਹਿਤ ਕਾਰਵਾਈ ਕਰਨ ਲਈ ਲਿਖਿਆ ਜਾਂਦਾ ਹੈ, ਜਿਸ ਉਪਰ ਬਣ ਰਹੀਆਂ ਅਣਅਧਿਕਾਰਤ ਇਮਾਰਤਾਂ ਦੀ ਲੋਕੇਸ਼ਨ ਦਰਸਾਈ ਜਾਂਦੀ ਹੈ | ਇਸ ਸਭ ਦੇ ਬਾਵਜੂਦ ਬਹੁਤ ਘੱਟ ਅਣਅਧਿਕਾਰਤ ਇਮਾਰਤਾਂ 'ਤੇ ਸਬੰਧਿਤ ਵਿਭਾਗਾਂ ਵਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ, ਜਾਂ ਉੱਚੀ ਪਹੁੰਚ ਵਾਲੇ ਮਾਲਕਾਂ ਦੀਆਂ ਇਮਾਰਤਾਂ ਬਣ ਕੇ ਤਿਆਰ ਹੋ ਜਾਂਦੀਆਂ ਹਨ | ਉਨ੍ਹਾਂ ਨੂੰ ਬਿਜਲੀ ਦੇ ਕੁਨੈਕਸ਼ਨ ਤੱਕ ਮੁਹੱਈਆ ਕਰਵਾ ਦਿੱਤੇ ਜਾਂਦੇ ਹਨ | ਜਿਸ ਦੀ ਤਾਜ਼ਾ ਮਿਸਾਲ ਧਾਂਦਰਾ ਸੜਕ ਸਥਿਤ ਬਣ ਕੇ ਤਿਆਰ ਹੋਈਆਂ ਕਈ ਇਮਾਰਤਾਂ ਨੂੰ ਗਲਾਡਾ ਵਲੋਂ ਭੇਜੇ ਨੋਟਿਸ ਦੇ ਬਾਵਜੂਦ ਬਿਜਲੀ ਦੇ ਕਈ ਕੁਨੈਕਸ਼ਨ ਜਾਰੀ ਕਰ ਦਿੱਤੇ ਗਏ, ਜਿਸ ਬਾਰੇ ਪੀ.ਐਸ.ਪੀ.ਸੀ.ਐਲ. ਅਧਿਕਾਰੀਆਂ ਨੇ ਆਪਣੇ ਵਲੋਂ ਇਕ ਪੱਤਰ ਦੇ ਦਿੱਤੇ ਜਵਾਬ ਵਿਚ ਮੰਨਿਆ ਹੈ ਕਿ ਇਨ੍ਹਾਂ ਇਮਾਰਤਾਂ ਵਿਚ ਬਿਜਲੀ ਦੇ ਇਕ ਤੋਂ ਵੱਧ ਕੁਨੈਕਸ਼ਨ ਚੱਲ ਰਹੇ ਹਨ, ਜੋ ਉਨ੍ਹਾਂ ਵਲੋਂ ਨਹੀਂ ਕੱਟੇ ਗਏ | ਇਸ ਤੋਂ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸਬੰਧਿਤ ਵਿਭਾਗਾਂ ਵਿਚ ਆਪਸੀ ਤਾਲਮੇਲ ਦੀ ਘਾਟ, ਕਿਸੇ ਸਿਆਸੀ ਦਬਾਅ ਹੇਠ ਕਾਰਵਾਈ ਨਾ ਕਰਨਾ ਜਾਂ ਗਲਾਡਾ ਵਲੋਂ ਨੋਟਿਸ ਜਾਰੀ ਕਰਕੇ ਖਾਨਾ ਪੂਰਤੀ ਕਰਦਿਆਂ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਮਹਿਜ਼ ਕੀਤੀ ਕੋਸ਼ਿਸ਼ ਇਕ ਖਾਨਾਪੂਰਤੀ ਤੋਂ ਸਿਵਾਏ ਕੁੱਝ ਵੀ ਨਹੀਂ | ਜਦ ਕਿ ਬਹੁਤੀਆਂ ਅਣਅਧਿਕਾਰਤ ਇਮਾਰਤਾਂ ਰਿਹਾਇਸ਼ੀ ਜ਼ਮੀਨਾਂ ਉੱਪਰ ਹੀ ਬਣਾ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਉੱਥੇ ਆਲ਼ੇ ਦੁਆਲੇ ਰਹਿਣ ਵਾਲੇ ਸਥਾਨਕ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ |
ਕੀ ਕਹਿਣਾ ਹੈ ਸੜਕ ਸੁਰੱਖਿਆ ਮਾਹਿਰ ਦਾ
ਸੜਕ ਸੁਰੱਖਿਆ ਮਾਹਿਰ ਅਤੇ ਸਿਟੀਜਨ ਕੌਂਸਲ ਦੇ ਵਾਈਸ ਚੇਅਰਮੈਨ ਡਾਕਟਰ ਕਮਲਜੀਤ ਸੋਈ ਨੇ ਗੱਲ ਕਰਦੇ ਹੋਏ ਕਿਹਾ ਕਿ ਵੇਰਕਾ ਤੋਂ ਲਾਡੋਵਾਲ ਤੱਕ ਨੈਸ਼ਨਲ ਹਾਈਵੇ ਦਾ ਕਾਨੂੰਨ ਲਾਗੂ ਹੁੰਦਾ ਹੈ, ਜਿਸ ਅਧੀਨ ਸੁਰੱਖਿਆ ਨੂੰ ਲੈ ਕੇ ਮੇਨ ਸੜਕ ਤੋਂ 100 ਮੀਟਰ ਦੇ ਦਾਇਰੇ ਵਿਚ ਕੋਈ ਵੀ ਇਮਾਰਤ ਨਹੀਂ ਬਣਾਈ ਜਾ ਸਕਦੀ | ਇਸੇ ਸੜਕ 'ਤੇ ਬਣੀਆਂ ਕਮਰਸ਼ੀਅਲ ਅਣਅਧਿਕਾਰਤ ਇਮਾਰਤਾਂ ਵਿਚ ਪਾਰਕਿੰਗ ਨਾ ਹੋਣ ਕਰਕੇ ਸੜਕਾਂ 'ਤੇ ਜਾਮ ਲੱਗਦਾ ਹੈ | ਰਿਹਾਇਸ਼ੀ ਇਲਾਕਿਆਂ ਵਿਚ ਅਣਅਧਿਕਾਰਤ ਕਮਰਸ਼ੀਅਲ ਇਮਾਰਤਾਂ ਦੇ ਬਣਨ ਨਾਲ ਇਲਾਕੇ ਦੀ ਸ਼ਾਂਤੀ ਭੰਗ ਹੁੰਦੀ ਹੈ | ਇਨ੍ਹਾਂ ਇਲਾਕਿਆਂ ਵਿਚ ਵੱਸਦੇ ਲੋਕਾਂ ਨੂੰ ਇਨ੍ਹਾਂ ਬੇਨਿਯਮੀਆਂ ਤੋਂ ਰਾਹਤ ਮਿਲਣੀ ਚਾਹੀਦੀ ਹੈ, ਤਾਂ ਜੋ ਉਹ ਸੁੱਖ ਦੀ ਜ਼ਿੰਦਗੀ ਜੀ ਸਕਣ |

Ad Position 22
No active advertisement
ਪਿਛਲੀ ਖ਼ਬਰ ਐਸ.ਪੀ.ਐਸ. ਹਸਪਤਾਲ ਵਲੋਂ ਗੋਡੇ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਅੱਜ <br/> ਅਗਲੀ ਖ਼ਬਰ ਧਾਂਦਰਾ ਸੜਕ ਉੱਪਰ ਟ੍ਰੈਫ਼ਿਕ ਪੁਲਿਸ ਵਲੋਂ ਦੁਕਾਨਾਂ ਅੱਗੇ ਪਿਆ ਸਾਮਾਨ ਚੁਕਵਾਇਆ <br/>
Ad Position 24