ਲੁਧਿਆਣਾ, 7 ਮਾਰਚ (ਜਤਿੰਦਰ ਭੰਬੀ)-ਪੰਜਾਬ ਭੱਠਾ ਵੈੱਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਪੱਖੋਵਾਲ ਰੋਡ ਸਥਿਤ ਲੋਧੀ ਕਲੱਬ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਭਰ ਤੋਂ ਭੱਠਾ ਕਾਰੋਬਾਰੀਆਂ ਨੇ ਹਿੱਸਾ ਲਿਆ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਵਾਲੀਆ ਨੇ ਦੱਸਿਆ ਕਿ ਕੋਲੇ ਦੀਆਂ ਕੀਮਤਾਂ ਵਿਚ ਕੀਤਾ ਜਾ ਰਿਹਾ ਬੇਲੋੜਾ ਵਾਧਾ ਭੱਠਾ ਕਾਰੋਬਾਰ ਨੂੰ ਤਬਾਹੀ ਵੱਲ ਧੱਕ ਰਿਹਾ ਹੈ | ਉਨ੍ਹਾਂ ਕਿਹਾ ਕਿ ਨਾ ਤਾਂ ਡਾਲਰ ਦੇ ਰੇਟ 'ਚ ਵਾਧਾ ਹੋਇਆ ਹੈ ਅਤੇ ਨਾ ਹੀ ਕੋਈ ਕੋਲੇ ਦੀ ਕਮੀ ਆਈ ਹੈ, ਪਰ ਫਿਰ ਵੀ ਬੇਵਜ੍ਹਾ ਕੋਲੇ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਭੱਠਾ ਕਾਰੋਬਾਰੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਐਸੋਸੀਏਸ਼ਨ ਦਾ ਵਫ਼ਦ ਕੋਲੇ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਇਕ ਮੰਗ ਪੱਤਰ ਦੇਵੇਗਾ, ਜਿਸ ਵਿਚ ਭੱਠਾ ਮਾਲਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ ਜਾਵੇਗੀ | ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਦਵਿੰਦਰ ਰਾਜਦੇਵ ਮੁਕਤਸਰ ਨੇ ਕਿਹਾ ਕਿ ਭੱਠਾ ਮਾਲਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੋਲੇ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਨਾਲ ਭੱਠਾ ਮਾਲਕਾਂ ਦਾ ਕੰਮ ਠੱਪ ਹੋਣ ਕਿਨਾਰੇ ਪਹੁੰਚ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸੇ ਸਮੇਂ ਭੱਠਾ ਕਾਰੋਬਾਰ ਬੁਲੰਦੀਆਂ ਤੇ ਹੁੰਦਾ ਸੀ, 2800 ਤੋਂ ਵਧੇਰੇ ਕਾਰੋਬਾਰੀ ਇਸ ਕਾਰੋਬਾਰ ਨਾਲ ਜੁੜੇ ਹੋਏ ਸਨ, ਪਰ ਹੁਣ ਲਗਾਤਾਰ ਭੱਠਿਆਂ ਵਿਚ ਆ ਰਹੇ ਨਿਗਾਰ ਕਾਰਨ ਪੰਜਾਬ ਸਿਰਫ਼ ਲਗਭਗ 1500 ਦੇ ਕਰੀਬ ਭੱਠੇ ਹੀ ਰਹਿ ਗਏ ਹਨ, ਜੋ ਚਿੰਤਾਜਨਕ ਵਿਸ਼ਾ ਹੈ | ਇਸ ਮੌਕੇ ਰੋਹਿਤ ਗੁਪਤਾ ਜਨਰਲ ਸਕੱਤਰ, ਸੁਰਿੰਦਰ ਤਾਂਗੜੀ, ਸੁਰਿੰਦਰ ਲੇਖੀ, ਦਵਿੰਦਰ ਸਿੰਘ ਵਾਲੀਆ, ਦੀਪਕ ਅਗਰਵਾਲ, ਸਤੀਸ਼ ਅਗਰਵਾਲ, ਹਰਪ੍ਰੀਤ ਸਿੰਘ ਜਵੰਦਾ, ਹੇਮਰਾਜ ਅਗਰਵਾਲ, ਅਭਿਨੰਦਨ, ਰਤੇਸ਼ ਗਰਗ, ਵੀਰੂ ਗੋਇਲ, ਯੋਗੇਸ਼ ਅਗਰਵਾਲ, ਵਿਸ਼ਾਲ ਢੰਡ ਤੇ ਹੋਰ ਭੱਠਾ ਕਾਰੋਬਾਰੀ ਹਾਜ਼ਰ ਸਨ |