ਇਆਲੀ/ਥਰੀਕੇ, 9 ਮਾਰਚ (ਮਨਜੀਤ ਸਿੰਘ ਦੁੱਗਰੀ)-ਲੰਘੀ 5 ਮਾਰਚ ਨੂੰ ਫ਼ਿਰੋਜ਼ਪੁਰ ਮੁੱਖ ਮਾਰਗ 'ਤੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਸੁਰਿੰਦਰ ਕੌਰ (48) ਦੀ ਹੋਈ ਮੌਤ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਸੜਕ 'ਤੇ ਧਰਨਾ ਦਿੰਦੇ ਹੋਏ ਮੁੱਖ ਮਾਰਗ ਨੂੰ ਦੋਨੇਂ ਪਾਸੇ ਤੋਂ ਜਾਮ ਕਰ ਦਿੱਤਾ, ਜਿਸ ਨਾਲ ਸੜਕ ਦੇ ਦੋਨੋਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਮਿ੍ਤਕ ਦੇ ਭਰਾ ਬਲਵਿੰਦਰ ਸਿੰਘ ਫੌਜੀ ਅਤੇ ਜੀਜਾ ਹਰਦੀਪ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਮਿ੍ਤਕਾ ਸੁਰਿੰਦਰ ਕੌਰ ਪਿਛਲੇ 12 ਸਾਲ ਤੋਂ ਮੈਡੀਸਿਟੀ ਹਸਪਤਾਲ ਵਿਖੇ ਸਕਿਉਰਿਟੀ ਗਾਰਡ ਵਜੋਂ ਨੌਕਰੀ ਕਰਦੀ ਸੀ | ਲੰਘੀ 5 ਮਾਰਚ ਨੂੰ ਸ਼ਾਮ 4 ਵਜੇ ਦੇ ਕਰੀਬ ਜਦੋਂ ਉਹ ਛੁੱਟੀ ਕਰਕੇ ਘਰ ਬੱਦੋਵਾਲ ਜਾਣ ਲਈ ਸੜਕ ਪਾਰ ਕਰਨ ਲਈ ਫੁੱਟਪਾਥ 'ਤੇ ਖੜੀ ਸੀ ਤਾਂ ਲੁਧਿਆਣੇ ਵਾਲੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਇਨੋਵਾ ਕਾਰ ਪੀ.ਬੀ. 65 ਐਲ 6037 ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀਆਂ ਦੋਵੇਂ ਬਾਂਹਾਂ ਅਤੇ ਲੱਤਾਂ ਬੁਰੀ ਤਰ੍ਹਾਂ ਟੁੱਟ ਗਈਆਂ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਕਾਰ ਚਾਲਕ ਫ਼ਰਾਰ ਹੋ ਗਿਆ, ਜਿਸ ਦਾ ਨੰਬਰ ਕਿਸੇ ਰਾਹਗੀਰ ਵਲੋਂ ਨੋਟ ਕਰ ਲਿਆ ਗਿਆ | ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਵਲੋਂ ਚਾਰ ਦਿਨ ਬੀਤ ਜਾਣ 'ਤੇ ਵੀ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਫ਼ਿਰੋਜ਼ਪੁਰ ਮੁੱਖ ਮਾਰਗ 'ਤੇ ਧਰਨਾ ਦਿੱਤਾ ਗਿਆ | ਮੌਕੇ 'ਤੇ ਆਪਣੀ ਟੀਮ ਸਮੇਤ ਪਹੁੰਚੇ ਡੀ.ਐਸ.ਪੀ. ਸਰਾਭਾ ਨਗਰ ਜਤਿੰਦਰਪਾਲ ਸਿੰਘ ਪੀ.ਪੀ.ਐੱਸ. ਨੇ ਪਰਿਵਾਰਿਕ ਮੈਂਬਰਾਂ ਨੂੰ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਧਰਨੇ ਨੂੰ ਖੁੱਲਵਾ ਕੇ ਆਵਾਜਾਈ ਮੁੜ ਬਹਾਲ ਕਰਵਾਈ |