ਲੁਧਿਆਣਾ, 9 ਮਾਰਚ (ਜਸਵਿੰਦਰ ਸਿੰਘ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਅਗਵਾਈ ਹੇਠ ਅੱਜ ਨੇੜੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਖੇ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੇ ਰੋਹ ਭਰਪੂਰ ਇਕੱਤਰਤਾ ਉਪਰੰਤ ਤੀਜੇ ਦੌਰ ਦੀ ਸੰਸਾਰ ਪੱਧਰੀ ਜਨੇਵਾ ਸਮਝੌਤਾ ਵਾਰਤਾਲਾਪ ਨੂੰ ਇਕ ਤਰਫਾ ਧੋਖਾ ਦੇਹੀ ਰਾਹੀਂ ਭੰਗ ਕਰਕੇ, ਈਰਾਨ 'ਤੇ ਨਹੱਕੀ ਤੇ ਧਾੜਵੀ ਜੰਗ ਮੜ੍ਹਨ ਵਾਲੇ ਅਮਰੀਕੀ ਸਾਮਰਾਜਵਾਦੀ ਅਤੇ ਉਸ ਦੇ ਪੱਕੇ ਦਲਾਲ ਤੇ ਹਮਲਾਕਰੂ ਇਜ਼ਰਾਈਲ ਦੇ ਜੰਗਬਾਜ਼ ਹਾਕਮਾਂ ਡੋਨਾਲਡ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਫੂਕੇ | ਰੋਹ ਭਰਪੂਰ ਮੁਜ਼ਾਹਰੇ ਨੂੰ ਸੰਬੋਧਨ ਕਰਦੇ ਜਥੇਬੰਦੀ ਦੇ ਆਗੂਆਂ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਜਥੇਦਾਰ ਗੁਰਮੇਲ ਸਿੰਘ ਢੱਟ ਨੇ ਈਰਾਨ ਦੇ ਸੁਪਰੀਮ ਆਗੂ ਆਇਤਉਲਾ ਅਲੀ ਖੇਮੇਨੇਈ, ਚੋਟੀ ਦੇ ਫੌਜੀ ਰਾਜਨੀਤਿਕ ਆਗੂਆਂ, 180 ਤੋਂ ਉੱਪਰ ਮਾਸੂਮ ਸਕੂਲ ਵਿਦਿਆਰਥਣਾਂ ਅਤੇ ਸੈਂਕੜੇ ਬੇਦੋਸ਼ੇ ਨਾਗਰਿਕਾਂ ਦੇ ਕਤਲੇਆਮ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿਚ ਜ਼ੋਰਦਾਰ ਨਿਖੇਧੀ ਕਰਦਿਆਂ ਅਮਰੀਕੀ ਤੇ ਇਜ਼ਰਾਈਲੀ ਧਾੜਵੀਆਂ ਵਲੋਂ ਈਰਾਨ 'ਤੇ ਠੋਸੀ ਨਹੱਕੀ ਜੰਗ ਫੌਰੀ ਤੌਰ 'ਤੇ ਬੰਦ ਕਰਵਾਉਣ ਲਈ ਯੂ.ਐਨ. ਸੁਰੱਖਿਆ ਕੌਂਸਲ ਤੇ ਯੂ.ਐਨ.ਓ. ਦੀ ਜਨਰਲ ਅਸੈਂਬਲੀ ਤੋਂ ਆਪ ਦਾ ਐਮਰਜੈਂਸੀ ਸੈਸ਼ਨ ਬੁਲਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ | ਅੱਜ ਦੇ ਇਕੱਠ ਵਿਚ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਤਲਵੰਡੀ, ਨਿਰਭੈ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ, ਸੁਰਜੀਤ ਸਿੰਘ ਸਵੱਦੀ, ਤੇਜਿੰਦਰ ਸਿੰਘ ਬਿਰਕ, ਅਮਰਜੀਤ ਸਿੰਘ ਖੰਜਰਵਾਲ, ਲਛਮਣ ਸਿੰਘ ਸਿੱਧਵਾਂ, ਪਿ੍ਤਪਾਲ ਸਿੰਘ ਪੰਡੋਰੀ, ਗੁਰਚਰਨ ਸਿੰਘ ਮੰਡਿਆਣੀ, ਗੁਰਦੇਵ ਸਿੰਘ ਢੱਟ ਉਚੇਚੇ ਤੌਰ 'ਤੇ ਸ਼ਾਮਿਲ ਹੋਏ |