ਲੁਧਿਆਣਾ, 11 ਮਾਰਚ (ਜਤਿੰਦਰ ਭੰਬੀ)-ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਅਚਨਚੇਤ ਦੌਰਾ ਕਰਦਿਆਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ, ਗਿਆਸਪੁਰਾ, ਆਂਗਣਵਾੜੀ ਸੈਂਟਰ ਗੁਰੂ ਨਾਨਕ ਕਾਲੋਨੀ, ਢੰਡਾਰੀ ਕਲ੍ਹਾਂ ਅਤੇ ਰਾਸ਼ਨ ਡਿਪੂ ਗੁਰੂ ਨਾਨਕ ਕਾਲੋਨੀ ਅਤੇ ਸੂਆ ਰੋਡ ਗਿਆਸਪੁਰਾ ਦਾ ਨਿਰੀਖਣ ਕੀਤਾ ਗਿਆ | ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਇਹ ਦੌਰਾ ਨੈਸ਼ਨਲ ਫੂਡ ਸਕਿਓਰਟੀ ਐਕਟ-2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕਰਨ ਲਈ ਕੀਤਾ ਗਿਆ | ਇਸ ਦੌਰੇ ਦੀ ਸ਼ੁਰੂਆਤ ਵਿੱਚ ਸਰਕਾਰੀ ਮਿਡਲ ਸਕੂਲ ਗਿਆਸਪੁਰਾ ਦਾ ਨਿਰੀਖਣ ਕੀਤਾ ਗਿਆ | ਨਿਰੀਖਣ ਦੌਰਾਨ ਸਕੂਲ ਦੇ ਅਨਾਜ ਭੰਡਾਰ ਘਰ ਅਤੇ ਮਿਡ-ਡੇ-ਮੀਲ ਦੀ ਚੈਕਿੰਗ ਕੀਤੀ ਗਈ | ਉਨ੍ਹਾਂ ਸਕੂਲ ਪ੍ਰਬੰਧਨ 'ਤੇ ਤਸੱਲੀ ਪ੍ਰਗਟਾਈ | ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਗਿਆਸਪੁਰਾ ਦਾ ਦੌਰਾ ਕੀਤਾ ਗਿਆ, ਜਿੱਥੇ ਊਣਤਾਈਆਂ ਪਾਈਆਂ ਗਈਆਂ | ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕੀ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ | ਸਕੂਲਾਂ ਦਾ ਨਿਰੀਖਣ ਕਰਨ ਉਪਰੰਤ ਆਂਗਣਵਾੜੀ ਸੈਂਟਰ ਕੋਡ ਨੰ. 110 ਗੁਰੂ ਨਾਨਕ ਕਾਲੋਨੀ ਦਾ ਦੌਰਾ ਕੀਤਾ ਗਿਆ | ਇਸ ਸੈਂਟਰ ਵਿਖੇ ਲਾਭਪਾਤਰੀਆਂ ਸਬੰਧੀ ਅਤੇ ਉਨ੍ਹਾਂ ਨੂੰ ਦਿੱਤੇ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ | ਸੈਂਟਰਾਂ ਦੇ ਕੰਮ ਸਬੰਧੀ ਮੈਂਬਰ ਸਾਹਿਬਾਨ ਵਲੋਂ ਸੰਤੁਸ਼ਟੀ ਪ੍ਰਗਟ ਕੀਤੀ ਗਈ ਅਤੇ ਨਾਲ ਹੀ ਹੋਰ ਸੁਧਾਰਾਂ ਸਬੰਧੀ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ | ਆਂਗਣਵਾੜੀ ਸੈਂਟਰ ਕੋਡ ਨੰ. 108 ਗੁਰੂ ਨਾਨਕ ਕਾਲੋਨੀ ਦੇ ਨਿਰੀਖਣ ਦੌਰਾਨ ਕਮੀਆਂ ਵਿਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ | ਬਾਅਦ ਵਿਚ ਰਾਸ਼ਨ ਡਿਪੂ, ਸੂਆ ਰੋਡ ਗਿਆਸਪੁਰਾ ਦੀ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਡਿਪੂ 'ਤੇ ਲਾਭਪਾਤਰੀ ਮੌਜੂਦ ਸਨ, ਪ੍ਰੰਤੂ ਡਿਪੂ ਹੋਲਡਰ ਦੀ ਪਰਚੀਆਂ ਕੱਟਣ ਵਾਲੀ ਮਸ਼ੀਨ ਚੱਲ ਨਹੀਂ ਰਹੀ ਸੀ, ਜਿਸ ਸਬੰਧੀ ਸਖ਼ਤ ਤਾੜਨਾ ਕਰਦਿਆਂ ਮਸ਼ੀਨ ਜਲਦ ਠੀਕ ਕਰਵਾਉਣ ਅਤੇ ਲਾਭਪਾਤਰੀਆਂ ਨੂੰ ਬਣਦੀ ਕਣਕ ਦੇਣ ਸਬੰਧੀ ਡਿਪੂ ਹੋਲਡਰ ਨੂੰ ਹਦਾਇਤ ਕੀਤੀ ਗਈ | ਇਸ ਮੌਕੇ ਲਾਭਪਾਤਰੀਆਂ ਨੂੰ ਕਮਿਸ਼ਨ ਦੇ ਹੈਲਪ ਲਾਈਨ ਨੰਬਰ ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਸਕੀਮਾਂ ਸਬੰਧੀ ਸ਼ਿਕਾਇਤ ਜ਼ਿਲੇ੍ਹ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਕੋਲ ਦਰਜ ਵੀ ਕਰਵਾ ਸਕਦੇ ਹਨ |