ਆਲਮਗੀਰ, 12 ਮਾਰਚ (ਜਰਨੈਲ ਸਿੰਘ ਪੱਟੀ)-ਸੋਨੂ ਦੁਗਲ ਆਈ.ਏ.ਐਸ. ਪ੍ਰਬੰਧਕ ਨਿਰਦੇਸ਼ਕ ਸ਼ੂਗਰਫੈੱਡ ਪੰਜਾਬ ਦੇ ਉਪਰਾਲੇ ਸਦਕਾ ਪੰਜਾਬ ਦੀਆਂ ਸਹਿਕਾਰੀ ਮਿੱਲਾਂ ਵਿਚੋਂ ਇਕ ਵਫ਼ਦ ਮਹਾਰਾਸ਼ਟਰ ਦੀਆਂ ਸਹਿਕਾਰੀ ਮਿਲਾਂ ਦੇਖਣ ਲਈ ਪਹੁੰਚਿਆ, ਜਿਸ ਵਿਚ ਸ਼ੂਗਰ ਬਿੱਲ ਬੁੱਢੇਵਾਲ ਦੇ ਡਾਇਰੈਕਟਰ ਜਾਗਰ ਸਿੰਘ ਜਸਪਾਲ ਬਾਂਗਰ ਤੇ ਅਗਾਂਹਵਧੂ ਕਿਸਾਨ ਤਰਨਜੀਤ ਸਿੰਘ ਬੈਂਸ ਸ਼ਾਮਿਲ ਸਨ | ਵਾਪਸੀ ਉਪਰੰਤ ਸਥਾਨਕ ਪਿੰਡ ਜਸਪਾਲ ਬਾਂਗਰ ਵਿਖੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਾਗਰ ਸਿੰਘ ਜਸਪਾਲ ਬਾਂਗਰ ਨੇ ਦੱਸਿਆ ਉਥੋਂ ਦੇ ਜ਼ਿਮੀਂਦਾਰ ਗੰਨੇ ਦੀ ਬਿਜਾਈ ਘੱਟੋ ਘੱਟ ਚਾਰ ਫੁੱਟ ਅਤੇ ਵੱਧ ਤੋਂ ਵੱਧ 10 ਫੁੱਟ 'ਤੇ ਕਰਦੇ ਹਨ, ਜਿਸ ਕਰਕੇ ਗੰਨੇ ਦਾ ਝਾੜ ਵੱਧ ਹੈ ਅਤੇ ਗੰਨੇ ਦੀ ਫ਼ਸਲ ਡਿਗਦੀ ਵੀ ਘੱਟ ਹੈ | ਇਸ ਵਿਧੀ ਨਾਲ ਬੀਜਿਆ ਗੰਨਾ ਲਗਭਗ 800 ਤੋਂ ਹਜ਼ਾਰ ਕੁਇੰਟਲ ਪ੍ਰਤੀ ਏਕੜ ਝਾੜ ਦਿੰਦਾ ਹੈ | ਇਸ ਤੋਂ ਇਲਾਵਾ ਵਫ਼ਦ ਨੇ ਕਿ੍ਸ਼ੀ ਵਿਗਿਆਨ ਦਾ ਦੌਰਾ ਵੀ ਕੀਤਾ, ਜਿੱਥੇ ਵਿਗਿਆਨੀਆਂ ਨੇ ਦੱਸਿਆ ਕਿ ਗੰਨਾ ਏ.ਆਈ. ਵਿਧੀ ਨਾਲ ਪੈਦਾ ਕੀਤਾ ਜਾਂਦਾ ਹੈ, ਜਿਸ ਨਾਲ ਗੰਨੇ ਦਾ ਝਾੜ ਵੱਧ ਮਿਲਦਾ ਹੈ | ਡਾਇਰੈਕਟਰ ਜਾਗਰ ਸਿੰਘ ਜਸਪਾਲ ਬਾਂਗਰ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਵਫ਼ਦ ਵੱਖ ਵੱਖ ਰਾਜਾਂ ਵਿਚ ਭੇਜੇ ਜਾਣ ਤਾਂ ਜੋ ਕਿਸਾਨ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖ ਕੇ ਪੰਜਾਬ ਵਿਚ ਗੰਨੇ ਦੀ ਵਧੀਆ ਫ਼ਸਲ ਤਿਆਰ ਕਰ ਸਕਣ |