ਲੁਧਿਆਣਾ, 12 ਮਾਰਚ (ਡਾ. ਤਰਲੋਚਨ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਸਰਪ੍ਰਸਤੀ ਹੇਠ ਯੰਗ ਰਾਈਟਰਜ਼ ਐਸੋਸੀਏਸ਼ਨ ਵਲੋਂ ਪੰਜਾਬੀ ਲੇਖਕ ਜਗਜੀਤ ਸਿੰਘ ਲੋਹਟਬੱਦੀ ਦਾ ਮਿੰਨੀ ਕਹਾਣੀ ਸੰਗ੍ਰਹਿ 'ਬਲੌਰੀ ਮੂਨ' ਦਾ ਲੋਕ ਅਰਪਣ ਕੀਤਾ ਗਿਆ | ਵਿਦਿਆਰਥੀ ਭਵਨ ਵਿਖੇ ਕਰਵਾਏ ਇਸ ਸਮਾਗਮ ਵਿਚ ਕਲਾ ਅਤੇ ਸਾਹਿਤ ਨਾਲ ਜੁੜੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਮੁੱਖ ਮਹਿਮਾਨ ਉੱਘੇ ਸਿਖਿਆ ਸ਼ਾਸਤਰੀ ਡਾ. ਧਰਮ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਹਿਤ ਨਾਲ਼ ਜੋੜੀ ਰੱਖਣਾ ਸਮੇਂ ਦੀ ਵੱਡੀ ਲੋੜ ਹੈ | ਡਾ. ਚਰਨਜੀਤ ਸਿੰਘ ਔਲਖ, ਡੀਨ, ਖੇਤੀਬਾੜੀ ਕਾਲਜ ਨੇ ਜਗਜੀਤ ਲੋਹਟਬੱਦੀ ਨੂੰ ਉਨ੍ਹਾਂ ਦੀ ਪਲੇਠੀ ਕਿਤਾਬ ਲਈ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਕਾਹਲ਼ ਦੇ ਜ਼ਮਾਨੇ ਵਿਚ ਥੋੜ੍ਹੇ ਸ਼ਬਦਾਂ ਵਿਚ ਵੱਡੇ ਸੁਨੇਹੇ ਦੇਣ ਵਾਲੀਆਂ ਮਿੰਨੀ ਕਹਾਣੀਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ | ਡਾ. ਗੁਰਭਜਨ ਗਿੱਲ ਨੇ ਵਿਦਿਆਰਥੀਆਂ ਨੂੰ ਚੰਗਾ ਸਾਹਿਤ ਪੜ੍ਹਨ ਦੀ ਪ੍ਰੇਰਨਾ ਕਰਦਿਆਂ ਕਿਤਾਬ ਅਤੇ ਮਿੰਨੀ ਕਹਾਣੀਆਂ ਸਬੰਧੀ ਆਪਣੇ ਵਿਚਾਰ ਰੱਖੇ | ਇਸ ਮੌਕੇ ਡਾ. ਨਿਰਮਲ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਜਗਜੀਤ ਸਿੰਘ ਲੋਹਟਬੱਦੀ ਦੀ ਇਹ ਤੀਜੀ ਕਿਤਾਬ ਹੈ | ਡਾ. ਜੌੜਾ ਨੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਇਤਿਹਾਸ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਸਾਹਿਤ ਨਾਲ਼ ਜੋੜਨ ਵਿਚ ਸੰਸਥਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਐਮ.ਐੱਸ. ਔਲਖ, ਸੁਰਿੰਦਰ ਕੈਲੇ, ਗੁਲਜ਼ਾਰ ਪੰਧੇਰ, ਜਸਮੇਰ ਸਿੰਘ ਢੱਟ, ਚਰਨਜੀਤ ਸਿੰਘ ਅਤੇ ਸਤਿੰਦਰ ਸਿੰਘ ਸਿੱਧਵਾਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ ਸੱਭਿਆਚਾਰ, ਯੰਗ ਰਾਈਟਰਸ ਐਸੋਸੀਏਸ਼ਨ ਦੇ ਵਿਦਿਆਰਥੀ ਹਰਮਨ ਮਾਨ, ਡਾ. ਬਿਕਰਮਜੀਤ ਸਿੰਘ, ਪ੍ਰਧਾਨ ਯੰਗ ਰਾਈਟਰਸ ਐਸੋਸੀਏਸ਼ਨ ਨੇ ਵੀ ਆਪਣੇ ਵਿਚਾਰ ਰੱਖੇ | ਮੰਚ ਦਾ ਸੰਚਾਲਨ ਡਾ. ਸੁਮੇਧ ਭੰਡਾਰੀ ਵਲੋਂ ਕੀਤਾ ਗਿਆ | ਸਮਾਗਮ ਵਿਚ ਉੱਘੇ ਫੋਟੋਗ੍ਰਾਫਰ ਸ. ਤੇਜਪ੍ਰਤਾਪ ਸੰਧੂ, ਕਵੀ ਤ੍ਰੈਲੋਚਨ ਲੋਚੀ, ਡਾ. ਕਮਲਜੀਤ ਸਿੰਘ ਸੂਰੀ, ਐਡਵੋਕੇਟ ਕਿਰਪਾਲ ਕਾਲੜਾ, ਐਡਵੋਕੇਟ ਅਮਰਜੀਤ ਸਿੰਘ ਪੰਨੂੰ, ਪਿ੍ੰਸੀਪਲ ਜਗਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |