ਲੁਧਿਆਣਾ ਦੇ ਪੋਸ਼ ਇਲਾਕਿਆਂ 'ਚ ਮਨਾਹੀ ਦੇ ਬਾਵਜੂਦ ਖੁੱਲੇ੍ਹ ਵਿਚ ਧੜੱਲੇ ਨਾਲ ਵੇਚਿਆ ਜਾ ਰਿਹਾ ਤੰਬਾਕੂ <br/>
ਸਰਦਾਰੀ ਲਾਲ ਕਪੂਰ ਮਾਰਗ 'ਤੇ ਸਕੂਲ ਲਾਗੇ ਪੈਂਦੇ ਚੌਕ 'ਤੇ ਸੜਕ ਕਿਨਾਰੇ ਠੀਹਾ ਲਗਾ ਕੇ ਤੰਬਾਕੂ ਵੇਚ ਰਹੀ ਔਰਤ | (ਵਿਚਕਾਰ) ਬਾੜੇਵਾਲ ਸੜਕ ਸਥਿਤ ਗੁਰਦੇਵ ਹਸਪਤਾਲ ਦੀ ਕੰਧ ਨਾਲ ਅਤੇ (ਸੱਜੇ) ਉਰੀਅਸ ਹਸਪਤਾਲ ਦੇ ਸਾਹਮਣੇ ਤੰਬਾਕੂ ਦੀਆਂ ਸਜੀਆਂ ਦੁਕਾਨਾਂ | ਤਸਵੀਰਾਂ-ਮਨਜੀਤ ਸਿੰਘ ਦੱੁਗਰੀ
<br/>
05-04-2026
ਇਆਲੀ/ਥਰੀਕੇ, 4 ਅਪ੍ਰੈਲ-ਤੰਬਾਕੂ ਦੀ ਖਪਤ ਮੁੱਖ ਤੌਰ 'ਤੇ ਸਿਗਰਟਨੋਸ਼ੀ (ਹੁੱਕਾ, ਸਿਗਰਟ) ਅਤੇ ਧੂੰਏਾ ਰਹਿਤ ਰੂਪਾਂ (ਸੁੰਘਣਾ, ਚੱਬਣ ਵਾਲਾ ਤੰਬਾਕੂ, ਜਿਸ ਵਿਚ ਵੱਖ ਵੱਖ ਤਰ੍ਹਾਂ ਦੇ ਗੁਟਕੇ) ਆਦਿ ਰਾਹੀਂ ਕੀਤੀ ਜਾਂਦੀ ਹੈ | ਪੰਜਾਬ 'ਚ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ, ਜਿਸ ਦਾ ਮੁੱਖ ਕਾਰਨ ਪ੍ਰਵਾਸੀਆਂ ਨੂੰ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਦੀ ਦੇਖੋ-ਦੇਖੀ ਮਜ਼ਦੂਰੀ ਕਰਨ ਵਾਲਾ ਪੰਜਾਬੀ ਤਬਕਾ ਅਤੇ ਉਭਰਦੀ ਨੌਜਵਾਨੀ ਵੀ ਇਸ ਦਾ ਸ਼ਿਕਾਰ ਬਣ ਰਹੀ ਹੈ | ਸਿਹਤ ਮਾਹਿਰਾਂ ਅਨੁਸਾਰ ਤੰਬਾਕੂ 'ਚ ਕਰੋਮੀਅਮ, ਆਰਸੈਨਿਕ, ਬੈਂਜੋਪਾਇਰੀਨ, ਨਿਕੋਟੀਨ ਵਰਗੇ ਤੱਤਾਂ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਇਸ ਦੇ ਸੇਵਨ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ | ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਬਾਰੇ ਬਹੁਤੇ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਬਿਨਾਂ ਕੋਈ ਪ੍ਰਵਾਹ ਕੀਤਿਆਂ ਇਸ ਦਾ ਸੇਵਨ ਕਰਦੇ ਹਨ | ਇਨ੍ਹਾਂ ਗੰਭੀਰ ਬਿਮਾਰੀਆਂ ਤੋਂ ਜਾਗਰੂਕ ਕਰਨ ਦੇ ਮਕਸਦ ਨਾਲ ਹੀ ਡਬਲਿਊ.ਐਚ.ਓ. ਵਲੋਂ ਹਰ ਸਾਲ 31 ਮਈ ਨੂੰ 'ਵਿਸ਼ਵ ਤੰਬਾਕੂ ਰਹਿਤ ਦਿਵਸ' ਮਨਾਇਆ ਜਾਂਦਾ ਹੈ | ਪੰਜਾਬ ਸਿਹਤ ਵਿਭਾਗ ਵਲੋਂ ਖੁੱਲ੍ਹੀਆਂ ਸਿਗਰਟਾਂ (ਸਿੰਗਲ ਸਟਿਕਸ ਵਜੋਂ) ਅਤੇ ਖੁੱਲ੍ਹੇ ਤੰਬਾਕੂ ਦੀ ਵਿੱਕਰੀ 'ਤੇ 2015 ਨੂੰ ਜਾਰੀ ਇਕ ਨੋਟੀਫ਼ਿਕੇਸ਼ਨ ਰਾਹੀਂ ਕੋਟਪਾ (ਸਿਗਰਟ ਅਤੇ ਹੋਰ ਤੰਬਾਕੂ ਉਤਪਾਦ, ਇਸ਼ਤਿਹਾਰ ਦੀ ਮਨਾਹੀ ਅਤੇ ਵਪਾਰ ਅਤੇ ਵਣਜ, ਉਤਪਾਦਨ, ਸਪਲਾਈ ਅਤੇ ਵੰਡ ਐਕਟ, 2003) ਦੀ ਧਾਰਾ 7 ਅਧੀਨ ਪਾਬੰਦੀ ਲਗਾਈ ਗਈ ਸੀ ਅਤੇ ਹਰ ਤੰਬਾਕੂ ਵੇਚਣ ਵਾਲੀ ਦੁਕਾਨ ਤੇ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਨੂੰ ਇੱਥੇ ਤੰਬਾਕੂ ਨਹੀਂ ਵੇਚਿਆਂ ਜਾਂਦਾ ਦੇ ਬੋਰਡ ਲਗਾਉਣੇ ਜ਼ਰੂਰੀ ਕਰ ਦਿੱਤੇ ਗਏ ਸਨ | ਇਸ ਸਭ ਦੇ ਬਾਵਜੂਦ ਅੱਜ ਵੀ ਪੰਜਾਬ ਅੰਦਰ ਖ਼ਾਸ ਕਰਕੇ ਸਨਅਤੀ ਸ਼ਹਿਰ ਲੁਧਿਆਣਾ ਦੇ ਪੋਸ਼ ਇਲਾਕੇ ਬਾੜੇਵਾਲ ਸੜਕ, ਸਰਦਾਰੀ ਲਾਲ ਕਪੂਰ ਮਾਰਗ 'ਤੇ ਨਾਮੀ ਸਕੂਲ ਲਾਗੇ ਤੋਂ ਇਲਾਵਾ ਹਸਪਤਾਲਾਂ, ਧਾਰਮਿਕ ਸਥਾਨਾਂ ਵਿੱਦਿਅਕ ਸੰਸਥਾਵਾਂ ਨੇੜੇ ਥਾਂ-ਥਾਂ 'ਤੇ ਬਿਨਾਂ ਕਿਸੇ ਮਨਾਹੀ ਵਾਲੇ ਬੋਰਡ ਲੱਗਿਆਂ ਤੰਬਾਕੂ ਧੜੱਲੇ ਨਾਲ ਵੇਚਿਆਂ ਜਾ ਰਿਹਾ ਹੈ, ਇੱਥੋਂ ਤੱਕ ਕਈ ਥਾਂਈਾ ਤਾਂ ਔਰਤਾਂ ਅਤੇ ਨਬਾਲਗ ਬੱਚੇ ਹੀ ਇਸ ਨੂੰ ਵੇਚ ਰਹੇ ਹਨ | ਇਸ ਦੀ ਰੋਕਥਾਮ ਲਈ ਚਾਹੇ ਸਥਾਨਕ ਲੋਕਾਂ ਵਲੋਂ ਕਈ ਵਾਰ ਆਵਾਜ਼ ਵੀ ਚੱਕੀ ਗਈ ਹੈ, ਪਰ ਸਰਕਾਰੀ ਤੰਤਰ ਦੀ ਲਾਪਰਵਾਹੀ ਕਾਰਨ ਇਸ ਨੂੰ ਬਹੁਤਾ ਬੂਰ ਨਹੀਂ ਪਿਆ | ਸਿਹਤ ਵਿਭਾਗ ਦੇ ਜਾਗਰੂਕ ਨਾ ਹੋਣ ਕਰਕੇ ਕੁੱਝ ਨਿੱਜ ਸਵਾਰਥੀ ਲੋਕ ਇਸ ਕੈਂਸਰ ਰੂਪੀ ਕੋਹੜ ਦੀ ਬਿਮਾਰੀ ਨੂੰ ਖੁੱਲੇ੍ਹ ਵਿਚ ਸੜਕਾਂ ਕਿਨਾਰੇ ਮੇਜ਼ ਲਗਾ ਕੇ ਜਾਂ ਛੋਟੇ ਠੀਹੇ ਬਣਾ ਕੇ ਇਸ ਦੀ ਧੜੱਲੇ ਨਾਲ ਵਿੱਕਰੀ ਕਰ ਰਹੇ ਹਨ | ਜਦਕਿ ਜਨਤਕ ਥਾਵਾਂ 'ਤੇ ਤੰਬਾਕੂ ਨੋਸ਼ੀ 'ਤੇ ਪੂਰਨ ਰੂਪ 'ਚ ਪਾਬੰਦੀ ਹੈ, ਇਸ ਦੇ ਬਾਵਜੂਦ ਵੀ ਕੁੱਝ ਸਵਾਰਥੀ ਲੋਕ ਜਨਤਕ ਥਾਵਾਂ 'ਤੇ ਸ਼ਰੇਆਮ ਤੰਬਾਕੂ ਨੋਸ਼ੀ ਕਰਦੇ ਨਜ਼ਰੀ ਆਮ ਹੀ ਆਉਂਦੇ ਹਨ |
ਕੀ ਕਹਿਣਾ ਹੈ ਸਿਹਤ ਅਧਿਕਾਰੀ ਦਾ ਜਦੋਂ-
ਇਸ ਬਾਬਤ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਆਸ਼ੀਸ਼ ਚਾਵਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿੱਦਿਅਕ ਜਾਂ ਧਾਰਮਿਕ ਸੰਸਥਾਵਾਂ ਤੋਂ 100 ਗਜ ਦੇ ਘੇਰੇ ਅੰਦਰ ਕਿਸੇ ਵੀ ਤਰ੍ਹਾਂ ਦਾ ਤੰਬਾਕੂ ਵੇਚਣ 'ਤੇ ਪੂਰਨ ਤੌਰ 'ਤੇ ਮਨਾਹੀ ਹੈ | ਉਨ੍ਹਾਂ ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਇਨ੍ਹਾਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਜਾਂਦੀ ਹੈ ਅਤੇ ਕੋਟਪਾ ਐਕਟ ਅਧੀਨ ਚਾਲਾਨ ਵੀ ਕੀਤੇ ਜਾਂਦੇ ਹਨ, ਪਰ ਚਾਲਾਨ ਦੀ ਰਕਮ ਨਾ ਮਾਤਰ ਹੋਣ ਕਰਕੇ ਤੰਬਾਕੂ ਵਿਕਰੇਤਾ ਇਸ ਦੀ ਪ੍ਰਵਾਹ ਨਹੀਂ ਕਰਦੇ ਅਤੇ ਸਿਹਤ ਵਿਭਾਗ ਦੀ ਟੀਮ ਦੇ ਉਥੋਂ ਜਾਂਦੇ ਹੀ ਮੁੜ ਦੁਬਾਰਾ ਆਪਣੀਆਂ ਦੁਕਾਨਾਂ ਖੋਲ੍ਹ ਲੈਂਦੇ ਹਨ |
ਕੀ ਕਹਿਣਾ ਹੈ ਕੌਂਸਲਰ ਪੰਕਜ ਕਾਕਾ ਦਾ-
ਜਦੋਂ ਇਸ ਬਾਬਤ ਵਾਰਡ ਨੰਬਰ 59 ਦੇ ਕੌਂਸਲਰ ਪੰਕਜ ਕਾਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਥਾਂ-ਥਾਂ 'ਤੇ ਤੰਬਾਕੂ ਵੇਚਣ ਵਾਲਿਆਂ ਦੇ ਖੋਖਿਆਂ ਦੀ ਭਰਮਾਰ ਹੈ, ਜਿਸ ਲਈ ਨਗਰ ਨਿਗਮ ਲੁਧਿਆਣਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਜਿਸ ਦੇ ਕਰਮਚਾਰੀਆਂ ਦੀ ਸ਼ਹਿ 'ਤੇ ਇਹ ਦੁਕਾਨਾਂ ਸਜਦੀਆਂ ਹਨ | ਸਿਹਤ ਵਿਭਾਗ ਵੀ ਇਨ੍ਹਾਂ ਤੰਬਾਕੂ ਵਾਲੇ ਪਦਾਰਥ ਵੇਚਣ ਵਾਲਿਆਂ ਨੂੰ ਅਣਗੌਲਿਆ ਕਰ ਰਿਹਾ ਹੈ | ਇਸ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ |
* ਕੀ ਕਹਿਣਾ ਹੈ ਕੌਂਸਲਰ ਸ਼ਨੀ ਮਾਸਟਰ ਦਾ
ਜਦੋਂ ਇਸ ਸੰਬੰਧੀ ਵਾਰਡ ਨੰ. 58 ਦੇ ਕੌਂਸਲਰ ਸਤਨਾਮ ਸਿੰਘ ਸੰਨੀ ਮਾਸਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਲੁਧਿਆਣਾ ਤੋਂ ਇਲਾਵਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਪਹਿਲਾਂ ਹੀ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਅਤੇ ਵਾਰਡ ਵਾਸੀਆਂ ਦੇ ਸਾਂਝੇ ਉੱਦਮ ਨਾਲ ਉਹ ਕਈ ਵਾਰ ਸੜਕ ਕਿਨਾਰੇ ਲੱਗੇ ਤੰਬਾਕੂ ਦੇ ਖੋਖੇ ਚੁਕਵਾ ਚੁੱਕੇ ਹਨ | ਜਨਤਕ ਥਾਵਾਂ, ਵਿੱਦਿਅਕ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਦੇ ਲਾਗੇ ਇਹ ਕੰਮ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਹ ਸੜਕਾਂ ਕਿਨਾਰੇ ਅਜਿਹੀਆਂ ਦੁਕਾਨਾਂ ਖੋਲ੍ਹਣ ਦੇ ਹੱਕ ਵਿਚ ਨਹੀਂ ਹਨ | ਜੇਕਰ ਕਿਸੇ ਨੇ ਇਹ ਕੰਮ ਕਰਨਾ ਵੀ ਹੈ ਤਾਂ ਉਹ ਢੁਕਵਾਂ ਤਰੀਕੇ ਨਾਲ ਦੁਕਾਨ ਲੈ ਕੇ ਅਤੇ ਪ੍ਰਸ਼ਾਸਨ ਪਾਸੋਂ ਮਨਜ਼ੂਰੀ ਲੈਣ ਤੋਂ ਬਾਅਦ ਸਿਹਤ ਵਿਭਾਗ ਅਤੇ ਕੋਟਪਾ ਐਕਟ ਦੇ ਨਿਯਮਾਂ ਦੀ ਪਾਲਣਾ ਕਰਕੇ ਹੀ ਇਹ ਕੰਮ ਕਰ ਸਕਦਾ ਹੈ |