ਲੁਧਿਆਣਾ, 5 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ | ਮਾਡਲ ਟਾਊਨ ਮਾਰਕੀਟ ਦੇ ਗੋਲ ਮਾਰਕੀਟ ਵਿਖੇ ਸਥਿਤ ਪਾਰਕ ਦੀ ਬਦਹਾਲ ਹਾਲਤ ਨਿਗਮ ਦੀ ਲਾਪਰਵਾਹੀ ਦੀ ਸਿੱਧੀ ਮਿਸਾਲ ਬਣ ਚੁੱਕੀ ਹੈ | ਇਹ ਪਾਰਕ ਲੰਮੇ ਸਮੇਂ ਤੋਂ ਬੇਹਾਲ ਪਿਆ ਹੋਇਆ ਹੈ, ਪਰ ਨਿਗਮ ਪ੍ਰਸ਼ਾਸਨ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਲਿਖਤੀ ਸ਼ਿਕਾਇਤ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਪਾਰਕ ਵਿਚ ਹਰ ਪਾਸੇ ਕੂੜਾ ਪਿਆ ਹੋਇਆ ਹੈ, ਜਿਸ ਨਾਲ ਗੰਦਗੀ ਫੈਲੀ ਹੋਈ ਹੈ ਅਤੇ ਬਦਬੂ ਕਾਰਨ ਲੋਕ ਪਰੇਸ਼ਾਨ ਹਨ | ਸੈਰ ਲਈ ਬਣੇ ਰਸਤੇ ਦੀਆਂ ਟਾਈਲਾਂ ਟੁੱਟੀਆਂ ਹੋਈਆਂ ਹਨ, ਜਿਸ ਨਾਲ ਤੁਰਨ ਵਿਚ ਖਤਰਾ ਬਣਿਆ ਰਹਿੰਦਾ ਹੈ | ਇਸ ਤੋਂ ਇਲਾਵਾ ਪਾਰਕ ਵਿਚ ਕਈ ਥਾਵਾਂ 'ਤੇ ਚੂਹਿਆਂ ਵਲੋਂ ਟੋਏ ਬਣਾਏ ਹੋਏ ਹਨ, ਜਿਸ ਨਾਲ ਬੱਚੇ ਪਾਰਕ ਵਿਚ ਆਉਣ ਤੋਂ ਡਰਦੇ ਹਨ | ਇਲਾਕਾ ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਪਾਰਕ ਦੀ ਢੰਗ ਨਾਲ ਦੇਖਭਾਲ ਨਾ ਹੋਣ ਕਾਰਨ ਉਹ ਸਵੇਰੇ ਸ਼ਾਮ ਸੈਰ ਵੀ ਨਹੀਂ ਕਰ ਸਕਦੇ | ਲੋਕਾਂ ਦਾ ਕਹਿਣਾ ਹੈ ਕਿ ਨਿਗਮ ਦੇ ਦਾਅਵੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹਨ | ਨਿਵਾਸੀਆਂ ਵਲੋਂ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਪਾਰਕ ਦੀ ਤੁਰੰਤ ਸਫ਼ਾਈ ਅਤੇ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੰੂ ਬੁਨਿਆਦੀ ਸਹੂਲਤਾਂ ਮਿਲ ਸਕਣ |