ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਵਿਆਹੁਤਾ ਤੇ ਤਸ਼ੱਦਦ ਕਰਨ ਦੇ ਮਾਮਲੇ ਵਿਚ ਪਤੀ ਸਮੇਤ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਦੀਕਸ਼ਾ ਗੁਪਤਾ ਵਾਸੀ ਰਾਜਗੁਰੂ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਉਸਦੇ ਪਤੀ ਧਰੁਵ ਗੁਪਤਾ, ਸਹੁਰਾ ਵਿਪਨ ਗੁਪਤਾ, ਸੱਸ ਮਧੂ ਗੁਪਤਾ, ਸ਼ਿਵਾਨੀ ਗੁਪਤਾ ਅਤੇ ਚਾਰ ਹੋਰਨਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨ ਇਹਨਾਂ ਕਥਿਤ ਦੋਸ਼ੀਆਂ ਵਲੋਂ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੰੂ ਘਰੋਂ ਬਾਹਰ ਕੱਢ ਦਿੱਤਾ | ਉਸ ਦੱਸਿਆ ਕਿ ਉਸਦੀ ਜਾਇਦਾਦ ਤੇ ਵੀ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸਦੇ ਇਸਤਰੀ ਧਨ ਨੂੰ ਵੀ ਖ਼ੁਰਦ ਬੁਰਦ ਕਰ ਦਿੱਤਾ | ਸ਼ਿਕਾਇਤ ਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |