ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਦੋ ਵੱਖ ਵੱਖ ਇਲਾਕਿਆਂ ਵਿਚ ਹੋਏ ਸੜਕ ਹਾਦਸਿਆਂ ਵਿਚ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਓਸਵਾਲ ਹਸਪਤਾਲ ਨੇੜੇ ਹੋਏ ਸੜਕ ਹਾਦਸੇ ਵਿਚ ਰਜਨੀ ਨਾਮੀ ਔਰਤ ਦੀ ਮੌਤ ਹੋ ਗਈ | ਰਜਨੀ ਆਪਣੇ ਜਾਣਕਾਰ ਰਜੇਸ਼ ਕੁਮਾਰ ਨਾਲ ਮੋਟਰਸਾਈਕਲ 'ਤੇ ਜਾ ਰਹੀ ਸੀ ਕਿ ਇਕ ਤੇਜ਼ ਰਫ਼ਤਾਰ ਦੇ ਟੈਂਕਰ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ, ਜਿਸਦੇ ਸਿੱਟੇ ਵਜੋਂ ਰਜਨੀ ਅਤੇ ਰਜੇਸ਼ ਕੁਮਾਰ ਜ਼ਖਮੀ ਹੋ ਗਏ | ਦੋਵਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਰਜਨੀ ਨੇ ਦਮ ਤੋੜ ਦਿੱਤਾ | ਪੁਲਿਸ ਵਲੋਂ ਇਸ ਮਾਮਲੇ ਵਿਚ ਅਣਪਛਾਤੇ ਟੈਂਕਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ | ਦੂਜੇ ਮਾਮਲੇ ਵਿਚ ਸਥਾਨਕ ਟਰਾਂਸਪੋਰਟ ਨਗਰ ਨੇੜੇ ਹੋਏ ਸੜਕ ਹਾਦਸੇ ਵਿਚ ਗੁਰ ਪ੍ਰਸਾਦ ਨਾਮੀ ਵਿਅਕਤੀ ਦੀ ਮੌਤ ਹੋ ਗਈ | ਪੁਲਿਸ ਵਲੋਂ ਇਸ ਸਬੰਧੀ ਪਰਮਾਨੰਦ ਵਾਸੀ ਟਰਾਂਸਪੋਰਟ ਨਗਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮਿ੍ਤਕ ਗੁਰ ਪ੍ਰਸਾਦ ਉਸਦਾ ਜੀਜਾ ਹੈ | ਬੀਤੇ ਦਿਨ ਉਹ ਟਰਾਂਸਪੋਰਟ ਨਗਰ ਨੇੜੇ ਪੈਦਲ ਹੀ ਜਾ ਰਿਹਾ ਸੀ ਕਿ ਇਕ ਕਾਰ ਚਾਲਕ ਨੇ ਉਸ ਨੂੰ ਲਪੇਟ ਵਿਚ ਲੈ ਲਿਆ | ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਦੋਵੇਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ |