ਡਾਬਾ/ਲੁਹਾਰਾ, 5 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰ ਡਾ. ਮਿੱਠੂ ਮੁਹੰਮਦ ਦੀ ਨੂੰ ਹ ਨਾਜੀਆ ਪ੍ਰਵੀਨ ਪਤਨੀ ਮੁਹੰਮਦ ਸ਼ਮਸ਼ੇਰ ਅਲੀ ਵਾਸੀ ਮਹਿਲ ਕਲਾਂ ਦੀ ਇਲਾਜ ਦੌਰਾਨ ਹੋਈ ਮੌਤ 'ਤੇ ਪਰਿਵਾਰ ਵਾਲਿਆਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਅਣਗਹਿਲੀ ਵਰਤਣ ਦਾ ਦੋਸ਼ ਲਗਾ ਕੇ ਹਸਪਤਾਲ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ | ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਨੇ ਦੱਸਿਆ ਕਿ ਮਿ੍ਤਕ ਨਾਜੀਆ ਪ੍ਰਵੀਨ 33 ਹਫ਼ਤਿਆਂ ਦੀ ਗਰਭਵਤੀ ਸੀ, ਜਿਸ ਨੂੰ ਚੈੱਕਅਪ ਲਈ ਸੀਰਤ ਹਸਪਤਾਲ ਸ਼ਿਮਲਾਪੁਰੀ ਲੁਧਿਆਣਾ ਵਿਖੇ ਲਿਆਂਦਾ ਗਿਆ ਅਤੇ ਡਾਕਟਰਾਂ ਨੇ ਪੈਸੇ ਦੇ ਲੋਭ ਲਾਲਚ ਵਿਚ ਆ ਕੇ ਨਾਜੀਆ ਪ੍ਰਵੀਨ ਨੂੰ ਕਿਹਾ ਕਿ ਤੇਰੇ ਪੇਟ ਵਿਚ ਬੱਚਾ ਘੁੰਮਿਆ ਹੋਇਆ ਹੈ ਅਤੇ ਐਮਰਜੈਂਸੀ ਵਿਚ ਆਪੇ੍ਰਸ਼ਨ ਕਰਕੇ ਬੱਚੇ ਦਾ ਜਨਮ ਕਰਵਾਉਣਾ ਪਵੇਗਾ, ਜਦਕਿ ਨਾਜੀਆ ਪ੍ਰਵੀਨ ਦੇ ਚੈੱਕਅਪ ਉਪਰੰਤ ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਨੂੰ ਖ਼ੂਨ ਦੀ ਘਾਟ ਹੈ, ਜਿਸ ਲਈ ਮਰੀਜ਼ ਨੂੰ ਪਲੇਟਲੈਟਸ ਸੈੱਲ ਚੜ੍ਹਾਉਣੇ ਪੈਣਗੇ ਅਤੇ ਹਸਪਤਾਲ ਦੇ ਡਾਕਟਰਾਂ ਨੇ ਨਾਜੀਆ ਦਾ ਆਪੇ੍ਰਸ਼ਨ ਕਰਕੇ ਬੱਚੇ ਨੂੰ ਜਨਮ ਦਿਵਾ ਦਿੱਤਾ ਅਤੇ ਰਾਤ ਵੇਲੇ ਨਾਜੀਆ ਦੀ ਹਾਲਤ ਵਿਗੜਨ ਲੱਗ ਪਈ ਪ੍ਰੰਤੂ ਡਾਕਟਰਾਂ ਨੇ ਪਰਿਵਾਰ ਨੂੰ ਉਸ ਦੀ ਹਾਲਤ ਸਬੰਧੀ ਕੁੱਝ ਨਹੀਂ ਦੱਸਿਆ ਅਤੇ ਸਵੇਰੇ 7 ਵਜੇ ਕਿਹਾ ਕਿ ਨਾਜੀਆ ਦੀ ਸੁੱਤੀ ਪਈ ਦੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ | ਪਰਿਵਾਰਿਕ ਮੈਂਬਰ ਡਾ. ਮਿੱਠੂ ਮੁਹੰਮਦ ਨੇ ਦੱਸਿਆ ਕਿ ਹਸਪਤਾਲ ਅੰਦਰ ਨਾ ਤਾਂ ਕੋਈ ਐਮਰਜੈਂਸੀ ਸੇਵਾਵਾਂ ਸਨ ਅਤੇ ਨਾ ਹੀ ਆਕਸੀਜਨ ਦੀ ਕੋਈ ਸਹੂਲਤ ਸੀ, ਜਿਸ ਕਾਰਨ ਮਰੀਜ਼ ਨੂੰ ਉਚਿੱਤ ਇਲਾਜ ਨਾ ਮਿਲਣ ਅਤੇ ਡਾਕਟਰਾਂ ਦੀ ਅਣਗਹਿਲੀ ਦੇ ਚੱਲਦਿਆਂ ਸਾਡੀ ਨੂੰ ਹ ਦੀ ਮੌਤ ਹੋਈ ਹੈ | ਧਰਨਾਕਾਰੀਆਂ ਨੇ ਕਿਹਾ ਕਿ ਜਦ ਤੱਕ ਹਸਪਤਾਲ ਪ੍ਰਬੰਧਕਾਂ 'ਤੇ ਕਤਲ ਦਾ ਪਰਚਾ ਦਰਜ ਨਹੀਂ ਹੋ ਜਾਂਦਾ, ਅਸੀਂ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਵਾਂਗੇ | ਮੌਕੇ 'ਤੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆ ਕੇ ਪਰਿਵਾਰ ਨੂੰ ਇਨਸਾਫ਼ ਦਿਵਾਉਣਗੇ | ਪੁਲਿਸ ਅਧਿਕਾਰੀਆਂ ਵਲੋਂ ਪਰਚਾ ਕੱਟਣ ਦਾ ਵਿਸ਼ਵਾਸ ਦਿਵਾਉਣ 'ਤੇ ਹੀ ਧਰਨਾਕਾਰੀ ਸ਼ਾਂਤ ਹੋਏ ਅਤੇ ਧਰਨਾ ਸਮਾਪਤ ਕੀਤਾ | ਇਸ ਮੌਕੇ ਡਾ. ਨਿਰਮਲ ਸਿੰਘ ਚੀਮਾ, ਡਾ. ਭਗਵਾਨ ਸਿੰਘ ਚਹਿਲ, ਡਾ. ਰਜੇਸ਼ ਰਾਜੂ, ਡਾ. ਸੁਖਵਿੰਦਰ ਸਿੰਘ, ਡਾ. ਰਾਜਵਿੰਦਰ ਸਿੰਘ, ਚੇਅਰਮੈਨ ਮਲਕੀਤ ਸਿੰਘ ਸਮੇਤ ਐਸੋਸੀਏਸ਼ਨ ਦੇ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ |