ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਚੈਰੀਟੇਬਲ (ਟਰਸੱਟ) ਵਲੋਂ ਮਾਤਾ ਗੁਜਰੀ ਚੈਰੀਟੇਬਲ ਹਸਪਤਾਲ, ਅਕਾਲਗੜ੍ਹ ਮਾਰਕੀਟ, ਚੌੜਾ ਬਾਜ਼ਾਰ ਲੁਧਿਆਣਾ ਵਿਖੇ ਅੱਖਾਂ ਦਾ 23ਵਾਂ ਸਲਾਨਾ ਮੁਫਤ ਅਪਰੇਸ਼ਨ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਟਰੱਸਟੀ ਬਾਬਾ ਅਜੀਤ ਸਿੰਘ ਨੇ ਦੱਸਿਆ ਕਿ ਸਵੇਰੇ 9.00 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ 9.00 ਤੋਂ 10.00 ਵਜੇ ਤੱਕ ਕੀਰਤਨ ਦਰਬਾਰ ਹੋਇਆ, ਜਿਸ ਵਿਚ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਆਪ੍ਰੇਸ਼ਨ ਦੀ ਕਾਮਯਾਬੀ ਤੇ ਮਰੀਜ਼ਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ | ਕੈਂਪ ਦੌਰਾਨ ਸੀ.ਐਮ.ਸੀ. ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਸ਼ੂਗਰ ਦਾ ਟੈਸਟ ਵੀ ਮੁਫਤ ਕੀਤਾ ਗਿਆ | ਜਿਨ੍ਹਾਂ ਮਰੀਜ਼ਾਂ ਦੇ ਆਪ੍ਰੇਸ਼ਨ ਹੋਣ ਵਾਲੇ ਹਨ ਉਨ੍ਹਾਂ ਮਰੀਜ਼ਾਂ ਦੇ ਠਹਿਰਣ ਅਤੇ ਲੰਗਰ ਦਾ ਪ੍ਰਬੰਧ ਵੀ ਹਸਪਤਾਲ 'ਚ ਟਰੱਸਟ ਵਲੋਂ ਕੀਤਾ ਗਿਆ | ਇਸ ਮੌਕੇ ਜਗਜੀਤ ਸਿੰਘ ਜੱਗਾ, ਕਰਮਵੀਰ ਸਿੰਘ ਮੱਕੜ, ਸਵਰਨ ਸਿੰਘ, ਜਸਦੀਪ ਸਿੰਘ ਕਾਉਂਕੇ, ਪਿ੍ਤਪਾਲ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਬੱਤਰਾ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ ਬੇਦੀ, ਬਲਵੀਰ ਸਿੰਘ ਆਦਿ ਹਾਜ਼ਰ ਸਨ |