ਲੁਧਿਆਣਾ, 5 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਭਾਰਤੀ ਜਨਤਾ ਪਾਰਟੀ ਬਹੁਗਿਣਤੀ ਸੰਪ੍ਰਦਾਇਕ ਰਾਜਨੀਤੀ ਰਾਹੀਂ ਆਪਣਾ ਰਾਜਤੰਤਰ ਚਲਾ ਰਹੀ ਹੈ, ਜੋ ਘੱਟ ਗਿਣਤੀ ਭਾਈਚਾਰੇ ਦੀ ਹੋਂਦ ਲਈ ਖ਼ਤਰਾ ਹੈ | ਇਸ ਨਾਲ ਧਰਮਨਿਰਪੱਖਤਾ ਅਤੇ ਬਰਾਬਰੀ ਦੇ ਸਿਧਾਂਤਾਂ ਨੂੰ ਖੋਖਲਾ ਕਰ ਰਹੀ ਹੈ | ਫੈਡਰੇਸ਼ਨ ਇਸ ਖ਼ਤਰੇ ਪ੍ਰਤੀ ਗੰਭੀਰ ਚਿੰਤਨ ਕਰ ਰਹੀ ਹੈ ਅਤੇ ਆਪਣੀ ਹੋਂਦ ਬਣਾਏ ਰੱਖਣ ਲਈ ਠੋਸ ਕਦਮ ਚੁੱਕੇ ਜਾਣਗੇ | ਇਹ ਵਿਚਾਰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖ਼ਾਲਸਾ ਨੇ ਜਾਰੀ ਕੀਤੇ ਬਿਆਨ ਵਿਚ ਪ੍ਰਗਟ ਕੀਤੇ | ਭਾਈ ਖ਼ਾਲਸਾ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਕੱਟੜ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਰਾਹੀਂ ਘੱਟ ਗਿਣਤੀ ਜਮਾਤਾਂ ਨੂੰ ਰਾਸ਼ਟਰ ਵਿਰੋਧੀ ਤੇ ਵੱਖਵਾਦੀ ਐਲਾਨਿਆ ਜਾ ਰਿਹਾ ਹੈ | ਖ਼ਾਸ ਕਰਕੇ ਸਿੱਖ ਭਾਈਚਾਰੇ ਵਿਰੁੱਧ ਖਾਲਿਸਤਾਨੀ, ਵੱਖਵਾਦੀ, ਦੇਸ਼ਧ੍ਰੋਹੀ ਆਦਿ ਨਾਮ ਦੇ ਕੇ, ਦੋਸ਼ ਲਗਾ ਕੇ ਬਦਨਾਮ ਕੀਤਾ ਜਾ ਰਿਹਾ ਹੈ | ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਦਬਾਇਆ ਜਾ ਰਿਹਾ ਹੈ | ਵਿਦੇਸ਼ਾਂ ਵਿਚ ਵੱਸਦੇ ਸਿੱਖ ਆਗੂਆਂ ਦੇ ਪਰਿਵਾਰਾਂ ਨੂੰ ਧਮਕੀਆਂ, ਸਿੱਖ ਆਗੂਆਂ ਦੇ ਕਤਲ ਤੇ ਗ਼ੈਰਕਾਨੂੰਨੀ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਸਿੱਖਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਵੀ ਨਹੀਂ ਹੈ | ਘੱਟ ਗਿਣਤੀਆਂ ਵਿਰੁੱਧ ਹਿੰਸਾ, ਫਿਰਕੂ ਨਫ਼ਰਤ ਫੈਲਾ ਕੇ ਸਮਾਜ ਵਿਚ ਡੂੰਘੀਆਂ ਖਾਈਆਂ ਪੈਦਾ ਕਰ ਦਿੱਤੀਆਂ ਹਨ | 1984 ਸਿੱਖ ਨਸਲਕੁਸ਼ੀ ਦੇ ਇਨਸਾਫ਼ ਲਈ ਅੱਜ ਵੀ ਲੜ ਰਹੇ ਹਨ | ਫੈਡਰੇਸ਼ਨ ਆਪਣੀ ਧਾਰਮਿਕ, ਭਾਸ਼ਾਈ, ਸਭਿਆਚਾਰਕ ਪਹਿਚਾਣ ਅਤੇ ਵੱਖਰੀ ਹੋਂਦ ਲਈ ਲੜਨਾ ਜਾਰੀ ਰੱਖੇਗੀ | ਇਸ ਮੌਕੇ ਜੱਥੇਬੰਧਕ ਢਾਂਚੇ ਦਾ ਪਸਾਰ ਕਰਦਿਆਂ ਕੁੱਝ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ, ਜਿੰਨਾ ਵਿਚ ਭਾਈ ਬਲਜੀਤ ਸਿੰਘ ਬੀਤਾ ਨੂੰ ਸਕੱਤਰ ਜਨਰਲ, ਭਾਈ ਮਨਦੀਪ ਸਿੰਘ ਅੰਮਿ੍ਤਸਰ ਨੂੰ ਕੋਆਰਡੀਨੇਟਰ, ਭਾਈ ਬਲਕਾਰ ਸਿੰਘ ਮੀਤ ਪ੍ਰਧਾਨ, ਭਾਈ ਚਰਨਜੀਤ ਸਿੰਘ ਪਠਾਨਕੋਟ ਸਕੱਤਰ ਨਿਯੁਕਤ ਕੀਤੇ ਗਏ ਹਨ | ਸਲਾਹਕਾਰ ਬੋਰਡ ਵਿਚ ਡਾ: ਭਗਵਾਨ ਸਿੰਘ, ਭਾਈ ਸਰਬਜੀਤ ਸਿੰਘ ਸੋਹਲ, ਭਾਈ ਨਰਿੰਦਰ ਸਿੰਘ ਖ਼ਾਲਸਾ ਜੰਮੂ, ਭਾਈ ਹਰਪ੍ਰੀਤ ਸਿੰਘ ਮਝੈਲ, ਭਾਈ ਗੁਰਮੀਤ ਸਿੰਘ ਦਿੱਲੀ ਨੂੰ ਲਿਆ ਗਿਆ ਹੈ |