ਲੁਧਿਆਣਾ, 5 ਅਪ੍ਰੈਲ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ (ਅਰਬਨ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟ੍ਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਦੱਸਿਆ ਕਿ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸਾਸਨ ਦੀ ਅਣਦੇਖੀ ਕਾਰਨ ਪੱਖੋਵਾਲ ਰੋਡ ਸਥਿਤ ਬਾਸਕਟਬਾਲ ਕੋਰਟ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ, ਜਿਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਿਹੜੀ ਥਾਂ ਕਦੇ ਨੌਜਵਾਨਾਂ ਦੀਆਂ ਗਤੀਵਿਧੀਆਂ ਅਤੇ ਖੇਡਾਂ ਦੇ ਕੇਂਦਰ ਵਜੋਂ ਉਲੀਕੀ ਗਈ ਸੀ, ਉਥੇ ਹੁਣ ਨਸ਼ੇੜੀਆਂ ਨੇ ਕਬਜ਼ਾ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਇਹ ਅਧੂਰਾ ਪ੍ਰੋਜੈਕਟ ਸਿਰਫ ਛੱਡਿਆ ਹੋਇਆ ਢਾਂਚਾ ਨਹੀਂ ਹੈ, ਸਗੋਂ ਪ੍ਰਸਾਸ਼ਨਿਕ ਲਾਪਰਵਾਹੀ, ਲੋਕਾਂ ਦੇ ਪੈਸੇ ਦੀ ਬਰਬਾਦੀ ਅਤੇ ਨਾਗਰਿਕ ਜਿੰਮੇਵਾਰੀ ਦੇ ਡਿੱਗਦੇ ਮਾਪਦੰਡਾਂ ਦੀ ਜਿਉਂਦੀ-ਜਾਗਦੀ ਉਦਾਹਰਨ ਹੈ | ਉਨ੍ਹਾਂ ਕਿਹਾ ਕਿ ਜਿਹੜੀ ਥਾਂ ਕਦੇ ਨੌਜਵਾਨਾਂ ਅਤੇ ਆਮ ਲੋਕਾਂ ਲਈ ਰੌਣਕ ਵਾਲੀ ਬਣਨੀ ਸੀ, ਉਹ ਹੁਣ ਇਲਾਕੇ ਦੇ ਵਸਨੀਕਾਂ ਅਤੇ ਦੁਕਾਨਦਾਰਾਂ ਲਈ ਡਰਾਉਣਾ ਸਪਨਾ ਬਣ ਗਈ ਹੈ | ਇਲਾਕਾ ਵਾਸੀ ਨਿਰਭੈ ਸਿੰਘ ਰੰਗੂਵਾਲ ਤੇ ਹੋਰਨਾਂ ਨੇ ਦੱਸਿਆ ਕਿ ਨਸ਼ੇੜੀਆਂ ਅਤੇ ਗਲਤ ਅਨਸਰਾਂ ਨੇ ਇੰਨੀ ਅੱਤ ਚੁੱਕੀ ਹੋਈ ਹੈ ਕਿ ਉਨ੍ਹਾਂ ਨੇ ਇਸ ਅਧੂਰੇ ਬਾਸਕਟਬਾਲ ਕੋਰਟ ਦੇ ਗੇਟ 'ਤੇ ਆਪਣਾ ਹੀ ਤਾਲਾ ਲਗਾ ਦਿੱਤਾ ਹੈ ਅਤੇ ਇੱਕ ਸਰਕਾਰੀ ਥਾਂ ਨੂੰ ਆਪਣਾ ਨਿੱਜੀ ਅੱਡਾ ਬਣਾ ਲਿਆ ਹੈ | ਦੀਵਾਨ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਕਮਿਸ਼ਨਰ ਤੁਰੰਤ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਕੇ ਇਸਨੂੰ ਜਲਦ ਖੇਡ ਮੈਦਾਨ ਦਾ ਰੂਪ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਥਾਂ 'ਤੇ ਪੁਲਿਸ ਦੀ ਤਾਇਨਾਤੀ ਕੀਤੀ ਜਾਵੇ, ਤਾਂ ਜੋ ਇਸਨੂੰ ਗੈਰ ਸਮਾਜਿਕ ਅਨਸਰਾਂ ਤੋਂ ਖਾਲੀ ਕਰਵਾਇਆ ਜਾ ਸਕੇ |