ਲੁਧਿਆਣਾ, 6 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਮੇਅਰ ਇੰਦਰਜੀਤ ਕੌਰ ਨੇ ਕੈਨਾਲ ਆਧਾਰਿਤ ਵਾਟਰ ਸਪਲਾਈ ਪੋ੍ਰਜੈਕਟ ਦੇ ਚੱਲ ਰਹੇ ਕੰਮਾਂ ਨੰੂ ਤੇਜ਼ ਕਰਨ ਲਈ ਸਖ਼ਤ ਕਦਮ ਚੁੱਕਦੇ ਹੋਏ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਹ ਮੀਟਿੰਗ ਜ਼ੋਨ ਡੀ ਦਫ਼ਤਰ, ਸਰਾਭਾ ਨਗਰ ਵਿਚ ਹੋਈ, ਜਿਸ ਵਿਚ ਨਿਗਮ ਅਤੇ ਵਾਟਰ ਯੂਟੀਲਿਟੀ ਕੰਪਨੀ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ | ਮੀਟਿੰਗ ਦੌਰਾਨ ਮੇਅਰ ਨੇ ਸਪਸ਼ਟ ਹੁਕਮ ਦਿੱਤੇ ਕਿ ਜਿੱਥੇ ਪਾਣੀ ਦੀਆਂ ਲਾਈਨਾਂ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਉਥੇ ਤੁਰੰਤ ਸੜਕਾਂ ਦੀ ਮੁੜ ਬਣਤਰ ਕੀਤੀ ਜਾਵੇ, ਨਾਲ ਹੀ ਬਾਕੀ ਇਲਾਕਿਆਂ ਵਿਚ ਚੱਲ ਰਹੇ ਕੰਮ ਨੰੂ ਵੀ ਜਲਦ ਤੋਂ ਜਲਦ ਪੂਰਾ ਕਰਨ ਲਈ ਕਿਹਾ ਗਿਆ ਤਾਂ ਜੋ ਲੋਕਾਂ ਨੰੂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਅਧਿਕਾਰੀਆਂ ਨੰੂ ਇਹ ਵੀ ਨਿਰਦੇਸ਼ ਦਿੱਤੇ ਕਿ ਕੰਮ ਸੁਚੱਜੇ ਤਰੀਕੇ ਨਾਲ ਤੇ ਯੋਜਨਾਬੱਧ ਢੰਗ ਨਾਲ ਕੀਤਾ ਜਾਵੇ | ਵਾਟਰ ਯੂਟੀਲਿਟੀ ਕੰਪਨੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੰੂ ਆਪਸੀ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ ਗਿਆ, ਤਾਂ ਜੋ ਪੋ੍ਰਜੈਕਟ ਵਿਚ ਕੋਈ ਰੁਕਾਵਟ ਨਾ ਆਵੇ | ਮੀਟਿੰਗ ਵਿਚ ਜੁਆਇੰਟ ਕਮਿਸ਼ਨਰ ਵਿਨੀਤ ਕੁਮਾਰ, ਐਸ.ਈ. ਸ਼ਾਮ ਲਾਲ ਗੁਪਤਾ, ਪ੍ਰਵੀਨ ਸਿੰਗਲਾ, ਇਕਜੋਤ ਸਿੰਘ ਤੇ ਪਾਰੁਲ ਗੋਇਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ | ਇਸ ਮੌਕੇ ਮੇਅਰ ਨੇ ਕਿਹਾ ਕਿ ਇਹ ਪੋ੍ਰਜੈਕਟ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਦੀ ਰਹਿਨੁਮਾਈ ਹੇਠ ਚੱਲ ਰਿਹਾ ਹੈ | ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੰੂ ਰੋਜ਼ਾਨਾ ਕੰਮ ਦੀ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਕਿ ਉਹ ਖੁਦ ਵੀ ਇਸ 'ਤੇ ਨਜ਼ਰ ਰੱਖਣਗੇ ਤਾਂ ਜੋ ਸ਼ਹਿਰ ਦੇ ਵਸਨੀਕਾਂ ਨੰੂ ਕੋਈ ਦਿੱਕਤ ਨਾ ਆਵੇ |