ਡਾ: ਤਰਲੋਚਨ ਸਿੰਘ
ਲੁਧਿਆਣਾ, 6 ਅਪ੍ਰੈਲ-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ, ਪਰ ਸ਼ਹਿਰ ਦੇ ਸਿਵਲ ਸਰਜਨ ਦਫ਼ਤਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਦਾਅਵੇ ਹਕੀਕਤ ਤੋਂ ਕੋਹਾਂ ਦੂਰ ਜਾਪ ਰਹੇ ਹਨ | ਸਿਵਲ ਸਰਜਨ ਦਫ਼ਤਰ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਬਿਲਡਿੰਗ ਦੀ ਹਾਲਤ ਇੰਨੀ ਕੁ ਖਸਤਾ ਸੀ ਕਿ ਉਹ ਕਿਸੇ ਸਮੇਂ ਵੀ ਡਿਗ ਸਕਦੀ ਹੈ, ਜਿਸ ਨਾਲ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ | ਇਸੇ ਤਰ੍ਹਾਂ ਖਸਤਾ ਹਾਲਤ ਇਮਾਰਤ ਅੰਦਰ ਪਏ ਕਬਾੜ ਦੇ ਸਾਮਾਨ ਨਾਲ ਖਿੱਲਰੀ ਗੰਦਗੀ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਰਹੀ ਹੈ | ਇਮਾਰਤ ਦੀਆਂ ਦੀਵਾਰਾਂ ਵਿਚ ਬੂਟੇ ਵਗੈਰਾ ਉਗੇ ਹੋਏ ਹਨ ਅਤੇ ਆਸਪਾਸ ਕਬਾੜ ਦਾ ਸਾਮਾਨ ਖਿੱਲਰਿਆ ਪਿਆ ਹੈ | ਦੱਸਣਯੋਗ ਹੈ ਕਿ ਹਰ ਸਾਲ ਸਿਹਤ ਸ਼ਾਖਾ ਵਲੋਂ ਟੀਮਾਂ ਬਣਾ ਕੇ ਵੱਖ-ਵੱਖ ਇਲਾਕਿਆਂ ਵਿਚ ਭੇਜੀਆਂ ਜਾਂਦੀਆਂ ਹਨ ਅਤੇ ਲੋਕਾਂ ਦੇ ਘਰਾਂ ਦੇ ਬਾਹਰ ਪਏ ਗਮਲਿਆਂ ਅਤੇ ਕੂਲਰਾਂ ਦੀ ਜਾਂਚ ਕੀਤੀ ਜਾਂਦੀ, ਇਹ ਵੀ ਦੇਖਿਆ ਜਾਂਦਾ ਹੈ ਕਿ ਘਰਾਂ ਦੇ ਅੰਦਰ ਜਾਂ ਬਾਹਰ ਕੀਤੇ ਕਬਾੜ ਦਾ ਸਾਮਾਨ ਨਾ ਪਿਆ ਹੋਵੇ, ਜਿਸ ਨਾਲ ਡੇਂਗੂ ਦਾ ਮੱਛਰ ਪੈਦਾ ਹੁੰਦਾ ਹੋਵੇ, ਪਰ ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਸਿਵਲ ਸਰਜਨ ਦਫ਼ਤਰ ਦੀ ਬਿਲਡਿੰਗ ਦੇ ਹਾਲਾਤ ਅਤੇ ਪਏ ਕਬਾੜ ਤੋਂ ਅਧਿਕਾਰੀ ਪੂਰੀ ਤਰ੍ਹਾਂ ਨਾਲ ਅਣਜਾਣ ਜਾਪ ਰਹੇ ਹਨ | ਸਿਵਲ ਸਰਜਨ ਦਫ਼ਤਰ ਵਿਖੇ ਹਰ ਰੋਜ਼ ਲੋਕਾਂ ਅਤੇ ਉਚ ਅਧਿਕਾਰੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਪਰ ਕਿਸੇ ਵੀ ਸਿਹਤ ਅਧਿਕਾਰੀ ਦੀ ਸਵੱਲੀ ਨਜ਼ਰ ਇਸ ਬਿਲਡਿੰਗ ਦੀ ਖਸਤਾ ਹਾਲਤ ਅਤੇ ਪਏ ਕਬਾੜ ਵੱਲ ਪਈ ਜਾਪ ਨਹੀਂ ਰਹੀ ਜਾਂ ਫਿਰ ਅਧਿਕਾਰੀ ਇਹ ਸਭ ਕੁੱਝ ਦੇਖ ਅੱਖਾਂ ਮੀਟ ਲੈਂਦੇ ਹਨ | ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀ ਸ਼ਹਿਰ ਵਿਚ ਤਾਂ ਕੂਲਰਾਂ ਅਤੇ ਗਮਲਿਆਂ ਵਿਚ ਖੜ੍ਹੇ ਪਾਣੀ ਦੇ ਚਾਲਾਨ ਕੱਟ ਕੇ ਡੰਗ ਟਪਾ ਰਹੇ ਹਨ, ਪਰ ਸਿਵਲ ਸਰਜਨ ਦਫ਼ਤਰ ਦੀ ਖਸਤਾ ਹਾਲਤ ਅਤੇ ਪਏ ਕਬਾੜ ਦੇ ਸਾਮਾਨ ਦੇ ਮਾਮਲੇ ਵਿਚ ਕਾਰਵਾਈ ਕੌਣ ਕਰੂ, ਇਹ ਆਪਣੇ ਆਪ ਵਿਚ ਇਕ ਸਵਾਲ ਖੜ੍ਹੇ ਕਰ ਰਿਹਾ ਹੈ | ਇਸ ਸਬੰਧੀ ਜਦੋਂ ਸਿਵਲ ਸਰਜਨ ਡਾ: ਰਮਨਦੀਪ ਕੌਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ |
ਸਰਕਾਰੀ ਅਦਾਰਿਆਂ ਦੀ ਸਾਂਭ-ਸੰਭਾਲ ਕਰਨ ਤੋਂ ਭੱਜੀ 'ਆਪ' ਸਰਕਾਰ-ਗਰੇਵਾਲ
ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਦੀ ਸਾਂਭ-ਸੰਭਾਲ ਵੱਲ 'ਆਪ' ਸਰਕਾਰ ਦਾ ਕੋਈ ਧਿਆਨ ਨਹੀਂ ਹੈ, ਜਦਕਿ ਸਰਕਾਰ ਵਲੋਂ ਮੁਹੱਲਾ ਕਲੀਨਿਕ ਬਣਾਉਣ ਦੀ ਤਾਂ ਹੋੜ ਲੱਗੀ ਹੋਈ ਹੈ, ਪਰ ਖਸਤਾ ਹਾਲਤ ਸਰਕਾਰੀ ਇਮਾਰਤਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ | ਉਨ੍ਹਾਂ ਕਿਹਾ ਕਿ ਸਰਕਾਰ ਬੁਰੀ ਤਰ੍ਹਾਂ ਨਾਲ ਫ਼ੇਲ੍ਹ ਸਾਬਤ ਹੋ ਚੁੱਕੀ ਹੈ |
ਸਿਵਲ ਸਰਜਨ ਦਫ਼ਤਰ ਦੀ ਖਸਤਾ ਹਾਲਤ ਇਮਾਰਤ ਕਾਰਨ ਕਿਸੇ ਸਮੇਂ ਵੀ ਵਾਪਰ ਸਕਦੈ ਭਿਆਨਕ ਹਾਦਸਾ <br/>
ਅਜੀਤ ਡੈਸਕ
07-04-2026