ਲੁਧਿਆਣਾ, 6 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਮਹਿਲਾ ਹੌਜ਼ਰੀ ਕਾਰੋਬਾਰੀ ਤੋਂ ਲੱਖਾਂ ਰੁਪਏ ਦਾ ਕੱਪੜਾ ਖਰੀਦਣ ਤੋਂ ਬਾਅਦ ਭੁਗਤਾਨ ਨਾ ਕਰਨ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੇ ਮੁਲਜ਼ਮਾਂ ਵਿਰੁੱਧ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸ਼ਿਕਾਇਤ ਕਰਤਾ ਮਨੀਸ਼ਾ ਸਿੰਗਲਾ ਸੰਤ ਈਸ਼ਰ ਸਿੰਘ ਨਗਰ ਦੀ ਰਹਿਣ ਵਾਲੀ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਕੱਪੜੇ ਦਾ ਕਾਰੋਬਾਰ ਕਰਦੀ ਹੈ ਅਤੇ ਮੁਲਜ਼ਮਾਂ ਨਾਲ ਕਈ ਸਾਲਾਂ ਤੋਂ ਵਪਾਰਕ ਸਬੰਧ ਸਨ | 2020 ਵਿਚ ਮੁਲਜ਼ਮ ਨੇ ਉਸ ਤੋਂ 40,17,479 ਰੁਪਏ ਦਾ ਸਾਮਾਨ ਖਰੀਦ ਕੀਤਾ ਸੀ | ਪੀੜਤਾ ਦੇ ਅਨੁਸਾਰ ਕਾਫ਼ੀ ਸਮੇਂ ਬਾਅਦ ਮੁਲਜ਼ਮ ਨੇ 29,58,190 ਰੁਪਏ ਦਾ ਭੁਗਤਾਨ ਕੀਤਾ, ਪਰ ਬਾਕੀ ਰਕਮ ਦੇਣ ਤੋਂ ਆਨਾ ਕਾਨੀ ਕਰਦੇ ਰਹੇ | ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਉਹ ਟਾਲ-ਮਟੋਲ ਕਰਦੇ ਰਹੇ ਨਵੇਂ ਬਹਾਨੇ ਬਣਾਉਂਦੇ ਰਹੇ | ਜਦੋਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਬਾਕੀ ਰਕਮ ਨਹੀਂ ਮਿਲੀ ਤਾਂ ਪੀੜਤਾ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ | ਜਾਂਚ ਤੋਂ ਬਾਅਦ ਸਦਰ ਪੁਲਿਸ ਸਟੇਸ਼ਨ ਨੇ ਜੋਸ਼ੀ ਨਗਰ ਵਿਚ ਮੈਸ਼ ਕੈਮਲ ਨਿਟਿੰਗ ਐਂਡ ਟੈਕਸਟਾਈਲ ਮਿੱਲ ਦੇ ਮਾਲਕ ਸੁਸ਼ੀਲ ਕੋੜਾ, ਕਨਿਸ਼ਕ ਕੋੜਾ ਅਤੇ ਮਨੀਸ਼ ਕੋੜਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |