ਮਲੇਰਕੋਟਲਾ, 31 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਪ੍ਰਸ਼ਾਸਨ ਵਿਚ ਅਹਿਮ ਪ੍ਰਸ਼ਾਸਕੀ ਫੇਰਬਦਲ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਜਨਾਬ ਹਰਕਮਲਪ੍ਰੀਤ ਸਿੰਘ ਖੱਖ ਵਲੋਂ 7 ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਸ਼ਹਿਰ ਮਲੇਰਕੋਟਲਾ ਸਮੇਤ ਅਮਰਗੜ੍ਹ, ਸੰਦੌੜ ਅਤੇ ਅਹਿਮਦਗੜ੍ਹ ਦੇ ਵੱਖ-ਵੱਖ ਥਾਣਿਆਂ ਦੇ ਮੁੱਖ ਅਫ਼ਸਰ ਬਦਲੇ ਗਏ ਹਨ। ਇਸ ਤੋਂ ਇਲਾਵਾ ਸੀ.ਆਈ.ਏ. ਸਟਾਫ਼ ਮਾਹੋਰਾਣਾ ਦੇ ਇੰਚਾਰਜ ਦੀ ਵੀ ਬਦਲੀ ਕੀਤੀ ਗਈ ਹੈ।
ਪੁਲਿਸ ਵਿਭਾਗ ਵਲੋਂ ਇਹ ਬਦਲੀਆਂ ਪ੍ਰਬੰਧਕੀ ਆਧਾਰ 'ਤੇ ਕੀਤੀਆਂ ਗਈਆਂ ਹਨ। ਜਾਰੀ ਹੁਕਮਾਂ ਅਨੁਸਾਰ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ 'ਤੇ ਹਾਜ਼ਰ ਹੋਣ ਅਤੇ ਇਸ ਸਬੰਧੀ ਦਫ਼ਤਰ ਨੂੰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜਾਰੀ ਕੀਤੀ ਗਈ ਤਬਾਦਲਾ ਸੂਚੀ ਅਨੁਸਾਰ ਇੰਸਪੈਕਟਰ ਹਰਪ੍ਰੀਤ ਸਿੰਘ, ਜੋ ਥਾਣਾ ਸਿਟੀ-1 ਮਲੇਰਕੋਟਲਾ ਦੇ ਮੁੱਖ ਅਫ਼ਸਰ ਵਜੋਂ ਤਾਇਨਾਤ ਸਨ, ਨੂੰ ਬਦਲ ਕੇ ਸੀ.ਆਈ.ਏ. ਸਟਾਫ਼ ਮਾਹੋਰਾਣਾ ਦਾ ਇੰਚਾਰਜ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸੀ.ਆਈ.ਏ. ਸਟਾਫ਼ ਮਾਹੋਰਾਣਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਥਾਣਾ ਅਮਰਗੜ੍ਹ ਦਾ ਮੁੱਖ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਮਹਿਲਾ ਇੰਸਪੈਕਟਰ ਨਵਦੀਪ ਕੌਰ ਚਹਿਲ, ਜੋ ਥਾਣਾ ਅਮਰਗੜ੍ਹ ਦੇ ਮੁੱਖ ਅਫ਼ਸਰ ਸਨ, ਨੂੰ ਬਦਲ ਕੇ ਥਾਣਾ ਸਿਟੀ-1 ਮਲੇਰਕੋਟਲਾ ਦਾ ਮੁੱਖ ਅਫ਼ਸਰ ਲਗਾਇਆ ਗਿਆ ਹੈ। ਮਹਿਲਾ ਇੰਸਪੈਕਟਰ ਗੁਰਪ੍ਰੀਤ ਕੌਰ ਸਿੱਧੂ ਨੂੰ ਥਾਣਾ ਸਦਰ ਅਹਿਮਦਗੜ੍ਹ ਤੋਂ ਬਦਲ ਕੇ ਥਾਣਾ ਸੰਦੌੜ ਦਾ ਮੁੱਖ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਸੰਦੌੜ ਦੇ ਮੁੱਖ ਅਫ਼ਸਰ ਥਾਣੇਦਾਰ ਸਈਅਦ ਸ਼ਕੀਲ ਨੂੰ ਪੁਲਿਸ ਲਾਈਨ ਮਲੇਰਕੋਟਲਾ ਭੇਜਿਆ ਗਿਆ ਹੈ। ਥਾਣਾ ਸਿਟੀ ਅਹਿਮਦਗੜ੍ਹ ਦੇ ਮੁੱਖ ਅਫ਼ਸਰ ਥਾਣੇਦਾਰ ਬਲੌਰ ਸਿੰਘ ਨੂੰ ਬਦਲ ਕੇ ਥਾਣਾ ਸਦਰ ਅਹਿਮਦਗੜ੍ਹ ਦਾ ਮੁੱਖ ਅਫ਼ਸਰ ਲਗਾਇਆ ਗਿਆ ਹੈ, ਜਦਕਿ ਪੁਲਿਸ ਲਾਈਨ ਮਲੇਰਕੋਟਲਾ ਵਿਖੇ ਤਾਇਨਾਤ ਥਾਣੇਦਾਰ ਨਰਿੰਦਰ ਸਿੰਘ ਨੂੰ ਥਾਣਾ ਸਿਟੀ ਅਹਿਮਦਗੜ੍ਹ ਦਾ ਮੁੱਖ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ. ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਆਮ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਲਈ 24 ਘੰਟੇ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਆਉਂਦੀ ਹੈ ਜਾਂ ਕੋਈ ਸ਼ਿਕਾਇਤ ਹੈ ਤਾਂ ਉਹ ਸਿੱਧੇ ਤੌਰ 'ਤੇ ਉਨ੍ਹਾਂ ਦੇ ਦਫ਼ਤਰ ਜਾਂ ਉਨ੍ਹਾਂ ਦੇ ਸੰਪਰਕ ਨੰਬਰ 'ਤੇ ਜਾਣਕਾਰੀ ਦੇ ਸਕਦੇ ਹਨ।
ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਨਾਲ-ਨਾਲ ਮਲੇਰਕੋਟਲਾ ਦੀ ਇਤਿਹਾਸਕ ਆਪਸੀ ਭਾਈਚਾਰਕ ਸਾਂਝ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ। ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।