ਲੁਧਿਆਣਾ, 6 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪ੍ਰਵਾਸੀ ਮਜ਼ਦੂਰਾਂ ਲਈ ਵੱਡੀ ਰਾਹਤ ਦੇ ਤੌਰ 'ਤੇ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ | ਇਸ ਦੇ ਤਹਿਤ ਹੁਣ 5 ਕਿੱਲੋ ਫ੍ਰੀ ਟਰੇਡ ਐੱਲ.ਪੀ.ਜੀ. ਸਿਲੰਡਰ ਦੇ ਨਵੇਂ ਕੁਨੈਕਸ਼ਨ ਅਤੇ ਰੀਫਿਲ ਚੁਣੇ ਹੋਏ ਸਰਕਾਰੀ ਰਾਸ਼ਨ ਡਿਪੂਆਂ 'ਤੇ ਹੀ ਉਪਲਬਧ ਹੋਣਗੇ | ਇਸ ਯੋਜਨਾ ਦਾ ਮੁੱਖ ਉਦੇਸ਼ ਪ੍ਰਵਾਸੀ ਮਜ਼ਦੂਰਾਂ ਨੂੰ ਰਸੋਈ ਗੈਸ ਦੀ ਆਸਾਨ ਅਤੇ ਨਿਰੰਤਰ ਸਪਲਾਈ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਮਹਾਂਨਗਰ ਵਿਚ ਆਪਣਾ ਰੁਜ਼ਗਾਰ ਜਾਰੀ ਰੱਖ ਸਕਣ ਅਤੇ ਉਲਟ ਪ੍ਰਵਾਸ ਨੰੂ ਰੋਕਿਆ ਜਾ ਸਕੇ | ਹੁਣ ਮਜ਼ਦੂਰਾਂ ਨੰੂ ਦੂਰ ਦਰਾਜ਼ ਐੱਲ.ਪੀ.ਜੀ. ਡਿਸਟ੍ਰੀਬਿਊਟਰਾਂ ਕੋਲ ਜਾਣ ਦੀ ਲੋੜ ਨਹੀਂ ਪਵੇਗੀ | ਯੋਗ ਮਜ਼ਦੂਰ ਸਿਰਫ਼ ਆਪਣਾ ਵੈਲਿਡ ਆਈਡੀ ਕਾਰਡ ਦਿਖਾ ਕੇ 5 ਕਿੱਲੋ ਦਾ ਨਵਾਂ ਕੁਨੈਕਸ਼ਨ ਲੈ ਸਕਦੇ ਹਨ, ਜਿਸ ਲਈ ਕਿਸੇ ਵਾਧੂ ਦਸਤਾਵੇਜ਼ ਦੀ ਲੋੜ ਨਹੀਂ ਹੈ | ਪਹਿਲੇ ਪੜਾਅ ਵਿਚ ਜ਼ਿਲੇ੍ਹ ਦੇ ਛੇ ਰਾਸ਼ਨ ਡਿਪੂਆਂ 'ਤੇ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਡਿਪੂਆਂ ਨੰੂ ਵੀ ਇਸ ਨਾਲ ਜੋੜਿਆ ਜਾਵੇਗਾ | ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਪ੍ਰਸ਼ਾਸਨ ਮਜ਼ਦੂਰਾਂ ਨੰੂ ਬਿਨਾਂ ਕਿਸੇ ਰੁਕਾਵਟ ਦੇ ਰਸੋਈ ਗੈਸ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਨਾਲ ਹੀ ਵਿਭਾਗ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਐਲ.ਪੀ.ਜੀ. ਦੀ ਗ਼ਲਤ ਵਰਤੋ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |