ਹੰਬੜਾਂ, 6 ਅਪ੍ਰੈਲ (ਮੇਜਰ ਹੰਬੜਾਂ)-ਲੁਧਿਆਣਾ ਜ਼ਿਲ੍ਹੇ ਦੇ ਪਿੰਡ ਖਹਿਰਾ ਬੇਟ 'ਚ ਚੱਲ ਰਿਹਾ ਨਾਜਾਇਜ਼ ਰੇਤੇ ਦੀ ਮਾਇਨਿੰਗ ਦਾ ਮਾਮਲਾ ਖ਼ਤਮ ਹੋਣ ਦਾ ਨਾਅ ਨਹੀਂ ਲੈ ਰਿਹਾ ਤੇ ਅੱਜ ਵੀ ਧਰਨਾਕਾਰੀ ਤੇ ਪ੍ਰਸ਼ਾਸ਼ਨ ਵਿੱਚ ਹੋਣ ਵਾਲੀ ਮੀਟਿੰਗ ਜਿਸ ਵਿੱਚ ਲੱਗਦਾ ਸੀ ਕਿ ਉਕਤ ਮਾਮਲੇ ਦਾ ਕੋਈ ਹੱਲ ਨਿਕਲ ਸਕੇਗਾ, ਪਰ ਉਕਤ ਮੀਟਿੰਗ ਰੱਦ ਹੋਣ ਨਾਲ ਧਰਨਾਕਾਰੀਆਂ 'ਚ ਨਿਰਾਸਾਂ ਦਾ ਮਹੌਲ ਪਾਇਆ ਜਾ ਰਿਹਾ ਸੀ ਤੇ ਸਰਕਾਰ ਪ੍ਰਤੀ ਉਨ੍ਹਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਜਾ ਪੁੱਜਾ | ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਸਰਕਲ ਪ੍ਰਧਾਨ ਜੱਥੇ.ਕਰਮਜੀਤ ਸਿੰਘ ਮਲਕਪੁਰ, ਯੂਥ ਆਗੂ ਹਰਸ਼ਵੀਰ ਸਿੰਘ ਝੱਮਟ ਨੇ ਪੱਕੇ ਮੋਰਚੇ 'ਚ ਸ਼ਮੂਲੀਅਤ ਕੀਤੀ ਤੇ ਧਰਨਾਕਾਰੀਆਂ ਨੂੰ ਪਾਰਟੀਵਾਜੀ ਤੋਂ ਉੱਪਰ ਉੱਠਕੇ ਉਨ੍ਹਾਂ ਦੀ ਹਰ ਮੱਦਦ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਤੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਨੇ ਕਿਹਾ ਕਿ ਸੂਬੇ ਅੰਦਰ ਬਦਲਾਅ ਵਾਲੀ ਆਪ ਸਰਕਾਰ ਦੇ ਰਾਜ 'ਚ ਰੇਤ ਮਾਫੀਆ ਹੱਦਾ ਬੰਨੇ ਟੱਪ ਚੁੱਕਾ ਹੈ ਤੇ ਧੱਕੇ ਨਾਲ ਸਤਲੁਜ ਦਰਿਆ ਦੇ ਬੰਨ੍ਹਾਂ ਨੇੜਿਉ ਸਰਕਾਰ ਦੀ ਸ਼ਹਿ ਤੇ ਰੇਤ ਮਾਫੀਆ ਨਾਜਾਇਜ਼ ਮਾਈਨਿੰਗ ਕਰਕੇ ਬੰਨ੍ਹ ਕੰਢੇ ਬੈਠੇ ਲੋਕਾਂ ਨੂੰ ਡੋਬਣਾ ਚਾਹੁੰਦਾ ਹੈ | ਉਨ੍ਹਾਂ ਹੋਰ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਇਥੋਂ ਮਾਈਨਿੰਗ ਨਹੀਂ ਹੋਣ ਦੇਵਾਂਗੇ ਤੇ ਜਦੋਂ ਤੱਕ ਰੇਤ ਮਾਫੀਆ ਇਥੋਂ ਆਪਣੀਆਂ ਮਸ਼ੀਨਾਂ ਨਹੀਂ ਚੁੱਕ ਲੈਂਦਾ ਉਕਤ ਧਰਨਾਂ ਨਹੀਂ ਚੁੱਕਿਆ ਜਾਵੇਗਾ ਤੇ ਅਸੀਂ ਹਰ ਪੱਖ ਤੋਂ ਧਰਨੇ ਦੀ ਡਟਵੀਂ ਹਮਾਇਤ ਕਰਦੇ ਰਹਾਂਗੇ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅੱਜ ਹਰ ਫਰੰਟ 'ਤੇ ਫੇਲ੍ਹ ਸਾਬਿਤ ਹੋ ਚੁੱਕੀ ਹੈ ਤੇ ਸੂਬੇ ਨੂੰ ਲੁੱਟਣ ਪਾਸੇ ਲੱਗੀ ਹੋਈ ਹੈ ਤੇ ਰੇਤ ਮਾਫੀਆ ਅੱਜ ਸਰਕਾਰ ਦੀ ਸ਼ਹਿ ਤੇ ਮਨ ਮਾਨੀਆ ਕਰਦਾ ਨਜ਼ਰ ਆ ਰਿਹਾ ਹੈ | ਜਥੇਦਾਰ ਕਰਮਜੀਤ ਸਿੰਘ ਮਲਕਪੁਰ ਨੇ ਕਿਹਾ ਕਿ ਹਲਕੇ ਦੇ ਲੋਕ ਖਹਿਰਾ ਬੇਟ ਧਰਨੇ ਵਿੱਚ ਪਿੰਡ ਖਹਿਰਾ ਬੇਟ ਵਾਸੀਆਂ ਨਾਲ ਖੜੇ ਹਨ | ਇਸ ਸਮੇਂ ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ ਬੇਟ, ਨਗਰ ਕੌਂਸਲ ਜਗਰਾਉ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਸਿੰਘ, ਐਡਵੋਕੇਟ ਗੁਰਦੇਵ ਸਿੰਘ ਨੂਰਪੁਰ ਬੇਟ ਨੇ ਕਿਹਾ ਕਿ ਅੱਜ ਪ੍ਰਸ਼ਾਸਨ ਨੇ ਸਾਨੂੰ ਗੱਲਬਾਤ ਲਈ ਟਾਇਮ ਦਿੱਤਾ ਸੀ, ਪਰ ਪ੍ਰਸ਼ਾਸਨ ਟਾਇਮ ਦੇ ਕੇ ਵੀ ਨਹੀਂ ਪੁੱਜਾ, ਜਿਸ ਨਾਲ ਧਰਨਾਕਾਰੀਆਂ'ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ | ਇਸ ਸਮੇਂ ਉਨ੍ਹਾਂ ਧਰਨੇ ਨੂੰ ਆਪਣਾ ਸਮਰਥਨ ਦੇਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਅਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਪ੍ਰਧਾਨ ਰਣਵੀਰ ਸਿੰਘ ਸਿੱਧੂ ਖਹਿਰਾ ਬੇਟ, ਜਗਜੀਤ ਸਿੰਘ ਖਹਿਰਾ ਬੇਟ, ਕਿਸਾਨ ਆਗੂ ਧਿਆਨ ਸਿੰਘ ਗੋਂਸਪੁਰ, ਨੰਬਰਦਾਰ ਸਤਿੰਦਰ ਪਾਲ ਸਿੰਘ ਭੋਲਾ, ਕਿਸਾਨ ਆਗੂ ਬਲਵਿੰਦਰ ਸਿੰਘ ਭੈਰੋਮੁੰਨਾਂ, ਦਰਸ਼ਨ ਸਿੰਘ, ਬੀ.ਕੇ.ਯੂ ਡਕੌਂਦਾ ਦੇ ਆਗੂ ਇੰਦਰਜੀਤ ਸਿੰਘ ਗੋਰਸੀਆਂ ਹਾਕਮ ਰਾਏ, ਪੰਚ ਗੁਰਦੀਪ ਸਿੰਘ, ਪੰਚ ਜਸਵਿੰਦਰ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ, ਡਾ. ਪੂਰਨ ਸਿੰਘ ਅਤੇ ਹੋਰ ਧਰਨਾਕਾਰੀ ਵੱਡੀ ਗਿਣਤੀ 'ਚ ਮੌਜੂਦ ਸਨ |