ਲੁਧਿਆਣਾ, 6 ਅਪ੍ਰੈਲ (ਜਸਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਅੱਜ ਕਣਕ ਦੀ ਵਾਢੀ ਪੈਣ ਤੋਂ ਪਹਿਲਾਂ ਲੁਧਿਆਣਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਕਿਸਾਨਾਂ ਵਲੋਂ ਵਿਸ਼ਾਲ ਧਰਨਾ ਮਾਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਅਮਰ ਸਿੰਘ ਜਲਾਲਦੀਵਾਲ, ਸਤਨਾਮ ਸਿੰਘ ਵੜੈਚ, ਬਲਰਾਜ ਸਿੰਘ ਕੋਟਉਮਰਾ, ਨਾਜ਼ਰ ਸਿੰਘ ਸਿਆੜ, ਗੁਰਸੇਵਕ ਸਿੰਘ ਮੰਜਾਲੀਆ, ਮਨਪ੍ਰੀਤ ਸਿੰਘ, ਹਰਜਿੰਦਰ ਕੌਰ ਦੀ ਪ੍ਰਧਾਨਗੀ ਹੇਠ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਧਰਨਾਕਾਰੀ ਨੇ ਆਖਿਆ ਕਿ ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ, ਕਰਜ਼ੇ ਤੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰਨ ਵਾਲਿਆਂ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਕੀਤੀ ਜਾਵੇ, ਪਾਣੀ ਦੀ ਸੰਭਾਲ ਤੇ ਸ਼ੁੱਧਤਾ ਲਈ ਠੋਸ ਉਪਰਾਲੇ ਕੀਤੇ ਜਾਣ, ਹਰ ਖੇਤ ਲਈ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ, ਪੀਣ ਵਾਲੇ ਪਾਣੀ ਨੂੰ ਹਰ ਘਰ ਤੱਕ ਪੁੱਜਦਾ ਕਰਨ ਲਈ ਗਾਰੰਟੀ ਕੀਤੀ ਜਾਵੇ, ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ-ਬੇਸਨ ਸਿਧਾਂਤ ਅਤੇ ਸੰਵਿਧਾਨ ਵਿਵਸਥਾ ਦੇ ਅਨੁਸਾਰ ਹੱਲ ਕੀਤਾ ਜਾਵੇ, ਦਰਿਆਵਾਂ, ਨਹਿਰਾਂ ਤੇ ਡ੍ਰੇਨਾਂ ਵਿਚ ਦੂਸ਼ਿਤ ਪਾਣੀ ਪਾਉਣ ਤੋਂ ਰੋਕਿਆ ਜਾਵੇ, ਸੂਬੇ ਦੇ ਅਧਿਕਾਰਾਂ ਵਿਚ ਕੇਂਦਰ ਦਾ ਦਖ਼ਲ ਬੰਦ ਕੀਤਾ ਜਾਵੇ, ਜੰਗਲ ਦਾ ਰਕਬਾ ਵਧਾਉਣ ਲਈ ਰੁੱਖ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾਵੇ, ਫ਼ਸਲੀ ਭਿੰਨਤਾ ਲਈ ਐਮ.ਐਸ.ਪੀ. ਉੱਪਰ ਖਰੀਦ ਦੀ ਗਾਰੰਟੀ ਕੀਤੀ ਜਾਵੇ, ਅਮਰੀਕਾ ਦੇ ਦਬਾਅ ਅਧੀਨ ਕੀਤਾ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ, ਬਿਜਲੀ ਦੇ ਸਮਾਰਟ ਮੀਟਰ ਨਾ ਲਗਾਏ ਜਾਣ, ਭਾਰਤ ਮਾਲਾ ਪ੍ਰੋਜੈਕਟ ਅਧੀਨ ਜ਼ਮੀਨ ਦਾ ਰੇਟ ਮਾਰਕੀਟ ਕੀਮਤ ਤੇ ਦੂਜੇ ਕਾਰਕ ਜੋੜ ਕੇ ਕੀਤਾ ਜਾਵੇ, ਮੱਧ ਪੂਰਵ ਦੇਸ਼ਾਂ ਤੇ ਪਾਕਿਸਤਾਨ ਨਾਲ ਬਾਘਾ ਬਾਰਡਰ ਤੇ ਹੁਸੈਨੀਵਾਲਾ ਰਾਹੀਂ ਸੜਕੀ ਤੇ ਰੇਲ ਰਾਹੀਂ ਵਪਾਰ ਖੋਲਿ੍ਹਆ ਜਾਵੇ, ਨਵੀਂ ਕੌਮੀ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਕੌਮੀ ਖੇਤੀ ਮੰਡੀਕਰਨ ਨੀਤੀ ਰੱਦ ਕੀਤੀ ਜਾਵੇ, ਅਗਸਤ ਸਤੰਬਰ 2025 ਵਿਚ ਆਏ ਹੜ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ, ਯੂਰੀਆ ਦੀ ਕੀਮਤ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ, ਬਾਰਡਰ ਉੱਪਰ ਲੱਗੀ ਤਾਰ ਨੂੰ ਬਾਰਡਰ ਲਾਈਨ ਦੇ ਨੇੜੇ ਕੀਤਾ ਜਾਵੇ | ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ) ਦੇ ਜਗਤਾਰ ਸਿੰਘ ਦੇਹੜਕਾ, ਆਲ ਇੰਡੀਆ ਕਿਸਾਨ ਸਭਾ (ਹੱਨਨ ਮੁੱਲਾ) ਦੇ ਬਲਜੀਤ ਸਿੰਘ ਗਰੇਵਾਲ, ਆਲ ਇੰਡੀਆ ਕਿਸਾਨ ਸਭਾ (1936) ਡਾ. ਰਜਿੰਦਰ ਪਾਲ ਸਿੰਘ ਔਲਖ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮਨਜੀਤ ਸਿੰਘ ਢੀਂਡਸਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਡਾਣੀ, ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ ਨੇ ਸੰਬੋਧਨ ਕੀਤਾ | ਧਰਨੇ ਦੀ ਸਮਾਪਤੀ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਧਰਨੇ ਵਿਚ ਮੰਗ ਪੱਤਰ ਨਾ ਲੈਣ ਆਉਣ 'ਤੇ ਗੁੱਸੇ ਵਿਚ ਆਏ ਧਰਨਾਕਾਰੀਆਂ ਨੇ ਡਿਪਟੀ ਕਮਿਸ਼ਨਰ ਦੇ ਮੇਨ ਗੇਟ 'ਤੇ ਪੁੱਜ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ, ਜਿਸ ਕਰਕੇ ਪੁਲਿਸ ਨਾਲ ਹਲਕੀ ਧੱਕਾ ਮੁੱਕੀ ਵੀ ਹੋਈ | ਮੰਗ ਪੱਤਰ ਲੈਣ ਆਏ ਤਹਿਸੀਲਦਾਰ ਨੂੰ ਕਿਸਾਨਾਂ ਨੇ ਮੰਗ ਪੱਤਰ ਨਾ ਦਿੱਤਾ | ਉਨ੍ਹਾਂ ਕਿਹਾ ਕਿ ਉਹ ਡੀ.ਸੀ. ਜਾਂ ਏ.ਡੀ.ਸੀ. ਤੋਂ ਘੱਟ ਕਿਸੇ ਨੂੰ ਮੰਗ ਪੱਤਰ ਨਹੀਂ ਦੇਣਗੇ | ਕਿਸਾਨਾਂ ਦੇ ਦਬਾਅ ਥੱਲੇ ਝੁਕਦਿਆਂ ਫਿਰ ਏ.ਡੀ.ਸੀ. ਨੇ ਮੰਗ ਪੱਤਰ ਪ੍ਰਾਪਤ ਕੀਤਾ |