ਢੰਡਾਰੀ ਕਲਾਂ/ਲੁਧਿਆਣਾ, 7 ਅਪ੍ਰੈਲ (ਜਸਵੀਰ ਸਿੰਘ ਬੰਗਾ)-ਥਾਣਾ ਸਾਹਨੇਵਾਲ ਅਧੀਨ ਆਉਂਦੇ ਇਲਾਕੇ ਇੰਦਰ ਇਨਕਲੇਵ ਕਾਲੋਨੀ ਨੇੜੇ ਰੇਲਵੇ ਫਾਟਕ ਪਿੰਡ ਜੁਗਿਆਣਾ ਵਿਖੇ ਅਣਪਛਾਤੇ ਨੌਜਵਾਨਾਂ ਵਲੋਂ ਇਕ ਘਰ 'ਚ ਵੜ ਕੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਨਿਸਾਰ ਅਲੀ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਬੱਚੇ ਨਾਲ ਮੌਜੂਦ ਸਲ ਤਾਂ ਕਰੀਬ 12-13 ਨੌਜਵਾਨ ਜਿਨਾਂ ਨੇ ਮੂੰਹ ਢਕੇ ਹੋਏ ਸਨ ਘਰ ਅੰਦਰ ਦਾਖ਼ਲ ਹੋਏ ਅਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ | ਮੁੱਦਈ ਨਾਲ ਕੁੱਟਮਾਰ ਕਰਦੇ ਹੋਏ ਉਸਦੇ 13 ਸਾਲਾ ਭਤੀਜੇ ਅਤੇ ਕਿਰਾਏਦਾਰ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਘਰ ਅੰਦਰ ਖੜ੍ਹੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ | ਬਦਮਾਸ਼ਾਂ ਨੇ ਦੁਕਾਨ ਦੇ ਗੱਲੇ ਵਿਚੋਂ 20 ਹਜ਼ਾਰ ਦੀ ਨਕਦੀ ਅਤੇ ਤਿੰਨ ਪੇਟੀਆਂ ਕੋਲਡ ਡਰਿੰਕਸ ਲੈ ਕੇ ਧਮਕੀਆਂ ਦਿੰਦੇ ਫ਼ਰਾਰ ਹੋ ਗਏ | ਨਿਸਾਰ ਅਲੀ ਨੇ ਦੱਸਿਆ ਕਿ ਬਦਮਾਸ਼ਾਂ ਵਿਚ ਮੰਗਾ ਨਾਮੀ ਲੜਕਾ ਵੀ ਸੀ, ਜਿਸ ਨੰੂ ਕਰੀਬ 5 ਮਹੀਨੇ ਪਹਿਲਾਂ ਉਸਦੇ ਸਾਲੇ ਦਾ ਫ਼ੋਨ ਖੋਹ ਕਰਦੇ ਸਮੇਂ ਕਾਬੂ ਕੀਤਾ ਸੀ, ਜਿਸਦੇ ਨਤੀਜੇ ਵਜੋਂ ਉਸਦੇ ਘਰ 'ਤੇ ਹਮਲਾ ਕੀਤਾ ਗਿਆ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਮੰਗਾ ਅਤੇ ਸੋਨੂੰ ਪਾਲ ਉਰਫ਼ ਸੋਨੂੰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਨਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |