ਆਲਮਗੀਰ, 16 ਅਪ੍ਰੈਲ (ਜਰਨੈਲ ਸਿੰਘ ਪੱਟੀ)-ਸਥਾਨਕ ਲਿਟਲ ਲਰਨਰਜ਼ ਪ੍ਰੀ ਸਕੂਲ ਵਿਖੇ ਵਿਸਾਖੀ ਦਾ ਦਿਹਾੜਾ ਸਕੂਲ ਡਾਇਰੈਕਟਰ ਪਰਵਿੰਦਰ ਕੌਰ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਨੰਨੇ ਮੁੰਨੇ ਵਿਦਿਆਰਥੀਆਂ ਨੇ ਆਪਣੀ ਤੋਤਲੀ ਆਵਾਜ਼ ਰਾਹੀਂ ਪੰਜਾਬ ਦੇ ਲੋਕ ਗੀਤ, ਕਵਿਤਾਵਾਂ ਪੇਸ਼ ਕਰਕੇ ਆਪਣੀ ਯੋਗਤਾ ਦਾ ਪ੍ਰਗਟਾਵਾ ਕੀਤਾ | ਪੰਜਾਬੀ ਪਹਿਰਾਵੇ ਵਿਚ ਸੱਜੇ ਹੋਏ ਨੰਨੇ ਮੁੰਨੇ ਵਿਦਿਆਰਥੀ ਵਿਲੱਖਣ ਨਜ਼ਾਰਾ ਪੇਸ਼ ਕਰ ਰਹੇ ਸਨ | ਇਹ ਮੌਕੇ ਡਾਇਰੈਕਟਰ ਪਰਵਿੰਦਰ ਕੌਰ ਨੇ ਬੱਚਿਆਂ ਨੂੰ ਆਪਣੀਆਂ ਸਭਿਆਚਾਰਕ ਜੜਾਂ ਨੂੰ ਗਲੇ ਲਗਾਉਂਦੇ ਦੇਖ ਕੇ ਖੁਸ਼ੀ ਪ੍ਰਗਟ ਕੀਤੀ | ਉਨਾਂ ਨੇ ਬੱਚਿਆਂ ਨੂੰ ਵਿਸਾਖੀ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਦਿਨ ਜਿੱਥੇ ਜ਼ਿਮੀਂਦਾਰ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫ਼ਸਲ ਕਣਕ ਦੀ ਵਾਢੀ ਸ਼ੁਰੂ ਕਰਦੇ ਹਨ, ਉਥੇ ਹੀ ਇਸ ਦਿਨ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ | ਅਖੀਰ ਵਿਚ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਪਾ ਕੇ ਵਿਸਾਖੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ |