ਲੁਧਿਆਣਾ, 16 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਲੁਧਿਆਣਾ ਵੈਜੀਟੇਰੀਅਨ ਅਤੇ ਸ਼ੰਕਰਾ ਅੱਖਾਂ ਦਾ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਅੱਖਾਂ ਦਾ ਫਰੀ ਚੈਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਗੁ: ਸਾਹਿਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੈਨੀਪਾਲ ਨੇ ਕੀਤਾ | ਇਸ ਮੌਕੇ ਉਨ੍ਹਾਂ ਨੇ ਪ੍ਰਮੁੱਖ ਸ਼ਖਸੀਅਤਾਂ, ਕਲੱਬ ਦੇ ਅਹੁਦੇਦਾਰਾਂ ਤੇ ਆਪਣੀਆਂ ਅੱਖਾਂ ਦਾ ਚੈਕ ਅੱਪ ਕਰਵਾਉਣ ਆਏ ਮਰੀਜ਼ਾਂ ਦੇ ਨਾਲ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿਚ ਲਗਾ ਕੇ ਲੋੜਵੰਦਾਂ ਦੀ ਸੇਵਾ ਕਰਨਾ ਹੀ ਸੱਚੀ ਮਨੁੱਖਤਾ ਦੀ ਸੇਵਾ ਹੈ | ਸ. ਬੈਨੀਪਾਲ ਨੇ ਕਿਹਾ ਕਿ ਅੱਖਾਂ ਦੀਆਂ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਦਾ ਫਰੀ ਚੈਕਅੱਪ ਕਰਕੇ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿਚ ਦਵਾਈਆਂ ਦੇਣ ਅਤੇ ਅਪਰੇਸ਼ਨ ਕਰਵਾਉਣ ਵਾਲੀ ਸੰਸਥਾਵਾਂ ਲਾਇਨਜ਼ ਕਲੱਬ ਲੁਧਿਆਣਾ ਵੈਜੀਟੇਰੀਅਨ ਅਤੇ ਸ਼ੰਕਰਾ ਅੱਖਾਂ ਦਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਦਾ ਉਪਰਾਲਾ ਸਮੁੱਚੇ ਸਮਾਜ ਲਈ ਪ੍ਰੇਣਾ ਦਾ ਸਰੋਤ ਹੈ | ਇਸ ਦੌਰਾਨ ਉਨ੍ਹਾਂ ਨੇ ਕੈਂਪ ਦੇ ਮੁੱਖ ਪ੍ਰਬੰਧਕ ਡਾ. ਮਨੋਜ ਗੁਪਤਾ ( ਸ਼ੰਕਰਾ ਅੱਖਾਂ ਦਾ ਹਸਪਤਾਲ ) ਨੇ ਅੱਖਾਂ ਦੇ ਫਰੀ ਚੈਕਅੱਪ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕੈਂਪ ਅੰਦਰ ਲਗਭਗ 259 ਦੇ ਕਰੀਬ ਮਰੀਜ਼ ਪੁੱਜੇ ਜਿਨ੍ਹਾਂ ਦੀਆਂ ਅੱਖਾਂ ਦਾ ਫਰੀ ਚੈਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿੱਚ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਗਈਆਂ | ਕੈਂਪ ਦੌਰਾਨ ਲਾਇਨ ਅਜੇ ਗੋਇਲ ਐਲ.ਸੀ.ਐਲ ਵੈਜੀਟੇਰੀਅਨ ਟੀਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕੈਂਪ ਨੂੰ ਸਫਲ ਬਣਾਉਣ ਵਿਚ ਆਪਣਾ ਸਹਿਯੋਗ ਦੇਣ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੈਨੀਪਾਲ, ਬੀਬੀ ਕੁਲਜੀਤ ਕੌਰ, ਪਰਮਿੰਦਰ ਕੌਰ ਅਤੇ ਇਸਤਰੀ ਸਤਿਸੰਗ ਸਭਾ ਦੀ ਸਮੁੱਚੀ ਟੀਮ ਦੇ ਮੈਬਰਾਂ ਦਾ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਲਾਇਨਜ਼ ਕਲੱਬ ਲੁਧਿਆਣਾ ਵੈਜੀਟੇਰੀਅਨ ਦੇ ਪ੍ਰਧਾਨ ਲਾਇਨ ਮਨਜੀਤ ਸਿੰਘ ਅਰਨੇਜਾ, ਲਾਇਨ ਐਮ.ਐਸ. ਪਾਹਵਾ ਸਕੱਤਰ, ਲਾਇਨ ਇੰਜੀ. ਸੁਰਜੀਤ ਸਿੰਘ ਪ੍ਰੋਜੈਕਟ ਡਾਇਰੈਕਟਰ, ਲਾਇਨ ਜਤਿੰਦਰ ਠਾਕੁਰ ਪ੍ਰੋਜੈਕਟ ਕੋਆਰਡੀਨੇਟਰ, ਲਾਇਨ ਆਈ.ਐਸ. ਖੰਨਾ, ਲਾਇਨ ਰੋਹਿਤ ਬਾਠਲਾ, ਲਾਇਨ ਡਾ. ਧਰਮ ਸਿੰਘ, ਲਾਇਨ ਜੀ.ਪੀ. ਸਿੰਘ ਅਤੇ ਲਾਇਨ ਅਵਤਾਰ ਸਿੰਘ ਕਮੇਟੀ ਚੇਅਰਪਰਸਨ ਵਲੋਂ ਸਾਂਝੇ ਰੂਪ ਵਿਚ ਸ਼ੰਕਰਾ ਅੱਖਾਂ ਦਾ ਹਸਪਤਾਲ ਦੇ ਮਾਹਿਰ ਡਾਕਟਰਾਂ ਨੂੰ ਵਿਸੇਸ਼ ਤੌਰ 'ਤੇ ਸਨਮਾਨਿਤ ਕੀਤਾ |