ਲੁਧਿਆਣਾ, 16 ਅਪ੍ਰੈਲ (ਜਤਿੰਦਰ ਭੰਬੀ)-ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਨਸ਼ਾ ਕਰਦੇ ਅਤੇ ਵੇਚਦੇ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਪਹਿਲੇ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਵਿਖੇ ਤੈਨਾਤ ਏ.ਐਸ.ਆਈ. ਰਾਜ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਰਵਾਨਾ ਹੋਏ ਤਾਂ ਮੁਖ਼ਬਰ ਖਾਸ ਦੀ ਇਤਲਾਹ 'ਤੇ ਨੇੜੇ ਸਤਿਸੰਗ ਘਰ ਨੂਰਵਾਲਾ ਰੋਡ ਤੋਂ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ | ਮੁਲਜ਼ਮ ਦੀ ਸ਼ਨਾਖ਼ਤ ਰਾਮ ਰਤਨ ਵਜੋਂ ਕੀਤੀ ਗਈ ਹੈ | ਦੂਜੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 2 ਵਿਖੇ ਤੈਨਾਤ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਮੁਖ਼ਬਰ ਖਾਸ ਦੀ ਇਤਲਾਹ 'ਤੇ ਸਿਵਲ ਹਸਪਤਾਲ ਲੁਧਿਆਣਾ ਦੀ ਬੈਕਸਾਈਡ ਤੋਂ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 10 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਮੁਲਜ਼ਮ ਦੀ ਸ਼ਨਾਖ਼ਤ ਸਤਵੀਰ ਸਿੰਘ ਵਜੋਂ ਹੋਈ ਹੈ | ਤੀਜੇ ਮਾਮਲੇ ਵਿਚ ਥਾਣਾ ਡਾਬਾ ਵਿਖੇ ਤੈਨਾਤ ਮੁੱਖ ਅਫ਼ਸਰ ਥਾਣੇਦਾਰ ਪ੍ਰਮੋਦ ਰਾਜ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਨੌਜਵਾਨ ਨੂੰ ਗਿਆਸਪੁਰਾ ਸਰਕਾਰੀ ਫਲੈਟ ਦੀ ਬੈਕਸਾਈਡ ਬੈਠ ਕੇ ਨਸ਼ਾ ਕਰਦੇ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਲਾਈਟਰ, 10 ਰੁਪਏ ਦਾ ਨੋਟ ਅਤੇ ਸਿਲਵਰ ਪੰਨੀ ਬਰਾਮਦ ਕੀਤੀ | ਮੁਲਜ਼ਮ ਦੀ ਸ਼ਨਾਖ਼ਤ ਕ੍ਰਿਸ਼ ਵਜੋਂ ਕੀਤੀ ਗਈ ਹੈ | ਚੌਥੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 6 ਵਿਖੇ ਤੈਨਾਤ ਏ.ਐਸ.ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਰਵਾਨਾ ਹੋਏ ਤਾਂ ਮੁਖ਼ਬਰ ਖਾਸ ਦੀ ਇਤਲਾਹ 'ਤੇ ਫੁੱਟਪਾਥ ਨੇੜੇ ਗਿਆਸਪੁਰਾ ਚੌਕ ਵਿਖੇ ਸ਼ਰ੍ਹੇਆਮ ਸ਼ਰਾਬ ਪੀਂਦੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਪਾਈਆ ਸ਼ਰਾਬ ਰਸਭਰੀ ਬਰਾਮਦ ਕੀਤੀ | ਮੁਲਜ਼ਮਾਂ ਦੀ ਸ਼ਨਾਖ਼ਤ ਨਗਿੰਦਰ ਕੁਮਾਰ ਅਤੇ ਕੋਸ਼ਿਕ ਕੁਮਾਰ ਵਜੋਂ ਕੀਤੀ ਗਈ ਹੈ | ਪੰਜਵੇਂ ਮਾਮਲੇ ਵਿਚ ਥਾਣਾ ਹੈਬੋਵਾਲ ਵਿਖੇ ਤੈਨਾਤ ਹੌਲਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਇਲਾਕੇ 'ਚ ਮੌਜੂਦ ਸਨ ਤਾਂ ਪਿੰਡ ਜੱਸੀਆਂ ਨੇੜੇ ਰੇਲਵੇ ਲਾਈਨਾਂ ਝਾੜੀਆਂ ਵਿਚ ਬੈਠ ਕੇ ਨਸ਼ਾ ਕਰਦੇ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਲਾਈਟਰ, 10 ਰੁਪਏ ਦਾ ਨੋਟ, ਸਿਲਵਰ ਪੰਨੀ ਬਰਾਮਦ ਕੀਤੀ ਹੈ | ਮੁਲਜ਼ਮ ਦੀ ਸ਼ਨਾਖ਼ਤ ਤੰਨੂ ਕੁਮਾਰ ਵਜੋਂ ਹੋਈ ਹੈ |