ਲੁਧਿਆਣਾ, 24 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੀ.ਏ.ਯੂ. ਦੇ ਸੇਵਾ ਮੁਕਤ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਭੂਮੀ ਵਿਗਿਆਨੀ ਡਾ. ਮੁਕੰਦ ਸਿੰਘ ਬਰਾੜ ਦੀ ਸਵੈ ਜੀਵਨੀ ''ਰੇਤਲੇ ਰਾਹਾਂ ਤੋਂ'' ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਲੋਕ ਅਰਪਣ ਕਰਦਿਆਂ ਕਿਹਾ ਕਿ ਤਪਦੇ ਕੱਕੇ ਰੇਤਿਆਂ ਉੱਪਰ ਤੁਰਦੇ ਮਾਸੂਮ ਪੈਰਾਂ ਦੀਆਂ ਪੈੜਾਂ ਤਾਂ ਮਿਟ ਸਕਦੀਆਂ ਹਨ, ਪੀੜਾਂ ਨਹੀਂ | ਇਸ ਪੁਸਤਕ ਬਾਰੇ ਉਨਾਂ ਕਿਹਾ ਕਿ ਕੱਕੇ ਰੇਤਿਆਂ ਵਿਚ ਵੀ ਸੂਹਾ ਗੁਲਾਬ ਖਿੜ ਕੇ ਮਹਿਕ ਸਕਦਾ ਹੈ | ਇਸ ਦੀ ਮਿਸਾਲ ਡਾ. ਮੁਕੰਦ ਸਿੰਘ ਬਰਾੜ ਦੀ ਇਹ ਸਵੈ-ਜੀਵਨੀ ਹੈ | ਉਨਾਂ ਕਿਹਾ ਕਿ ਡਾ. ਬਰਾੜ ਦੀ ਇਹ ਸਵੈਜੀਵਨੀ ਅਜਿਹੀ ਰਚਨਾ ਹੈ, ਜਿਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਊਠ ਤੋਂ ਡਿੱਗਿਆ ਰੇਤਲੇ ਟਿੱਬਿਆਂ ਦੀ ਸੁਗੰਧ ਮਾਣਨ ਵਾਲਾ ਇਹ ਬਾਲ ਸਕੂਲ ਜਾਣ ਦੀ ਥਾਂ ਸਾਥੀਆਂ ਨਾਲ ਕਪਾਹ ਦੇ ਖੇਤ ਵਿਚ ਛੁਪ ਕੇ ਬੈਠਾ ਵਕਤ ਬਿਤਾਉਂਦਾ ਰਿਹਾ | ਇਹ ਸਵੈਜੀਵਨੀ ਉਸ ਨੇ ਬੜੇ ਸਰਲ, ਸਪਸ਼ਟ ਤੇ ਬੇਬਾਕ ਅੰਦਾਜ਼ ਵਿਚ ਬਿਆਨ ਕੀਤੀ ਹੈ | ਇਸ ਮੌਕੇ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਹ ਪਾਰਦਰਸ਼ੀ ਲਿਖਤ ਸਿਰਫ਼ ਜੀਵਨ ਕਥਾ ਹੀ ਨਹੀਂ, ਸਗੋਂ ਪੇਂਡੂ ਪੰਜਾਬ ਦੇ ਧੀਆਂ ਪੁੱਤਰਾਂ ਲਈ ਪ੍ਰੇਰਨਾ ਦੇਣ ਵਾਲੀ ਰਚਨਾ ਹੈ | ਜਸਮੇਰ ਢੱਟ ਨੇ ਕਿਹਾ ਕਿ ਲੰਮਾ ਸਮਾਂ ਅਸੀਂ ਗੁਆਂਢੀ ਰਹੇ ਹੋਣ ਕਾਰਨ ਮੈਂ ਕਹਿ ਸਕਦਾ ਹਾਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪ੍ਰਤੀਨਿਧਤਾ ਕਰਦਿਆਂ ਉਨਾਂ ਜੋ ਕੁੱਝ ਜਾਣਿਆ, ਦੇਖਿਆ, ਮਾਣਿਆ, ਸਮਝਿਆ ਉਸ ਦਾ ਹੀ ਜੋੜਫ਼ਲ ਇਹ ਸਵੈਜੀਵਨੀ ਹੈ | ਜਸਦੇਵ ਸੇਖੋਂ ਨੇ ਕਿਹਾ ਕਿ ਡਾ. ਬਰਾੜ ਦੀ ਇਸ ਪੁਸਤਕ ਵਿਚੋਂ ਲੰਘਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਇਹ ਪੁਸਤਕ ਜਿੱਥੇ ਭੂਮੀ ਵਿਗਿਆਨ ਦੇ ਖੇਤਰ ਵਿਚ ਪ੍ਰਵੇਸ਼ ਕਰਨ ਵਾਲੇ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗੀ | ਕੌਂਸਲਰ ਤਨਵੀਰ ਧਾਲੀਵਾਲ ਨੇ ਕਿਹਾ ਕਿ ਡਾ. ਮੁਕੰਦ ਸਿੰਘ ਬਰਾੜ ਸਾਡੇ ਫੁੱਫੜ ਜੀ ਹੋਣ ਕਾਰਨ ਸਾਡੇ ਮਾਰਗ ਦਰਸ਼ਕ ਹਨ ਅਤੇ ਉਨਾਂ ਦੀ ਇਹ ਮੁੱਲਵਾਨ ਲਿਖਤ ਵੀ ਸਾਡੇ ਰਾਹ ਰੁਸ਼ਨਾਏਗੀ | ਡਾ. ਮੁਕੰਦ ਸਿੰਘ ਬਰਾੜ ਨੇ ਕਿਹਾ ਕਿ ਪ੍ਰੋ. ਗੁਰਭਜਨ ਗਿੱਲ ਅਤੇ ਮੈਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਲਗਭਗ 25 ਸਾਲ ਇਕੱਠਿਆਂ ਪੜ੍ਹਾਇਆ ਹੈ ਅਤੇ ਇਸੇ ਸੰਗਤ ਕਾਰਨ ਮੈਂ ਆਪਣੀ ਸਵੈ-ਜੀਵਨੀ ਲਿਖਣ ਦਾ ਸੁਪਨਾ ਪੂਰਾ ਕਰ ਸਕਿਆ ਹਾਂ | ਉਨ੍ਹਾਂ ਸਮਾਗਮ ਵਿਚ ਪੁੱਜੇ ਦੋਸਤਾਂ ਦਾ ਧੰਨਵਾਦ ਕੀਤਾ |