ਲੁਧਿਆਣਾ, 27 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੇ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੇਖੇਵਾਲ ਰੋਡ 'ਤੇ ਸਥਿਤ ਆਨੰਦ ਐਜੂਕੇਸ਼ਨ ਸੈਂਟਰ ਦੇ ਨੇੜੇ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੇ ਵਿਦਿਆਰਥੀ ਦੀ ਕੁਝ ਨੌਜਵਾਨਾਂ ਵਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਵਿਦਿਆਰਥੀ ਪਾਰਸ ਬੱਗਾ ਵਾਸੀ ਨੂਰਵਾਲਾ ਰੋਡ ਦੀ ਸ਼ਿਕਾਇਤ 'ਤੇ ਤਰੁਣ ਸਿੰਘ ਪੁੱਤਰ ਵਿਨੋਦ ਸਿੰਘ ਰੁਦਰ ਅਤੇ ਤਿੰਨ ਹੋਰਾਂ ਖਿਲਾਫ਼ ਧਰਾਵਾਂ ਤਹਿਤ ਕੇਸ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਟਿਊਸ਼ਨ ਪੜ੍ਹ ਕੇ ਵਾਪਸ ਆ ਰਿਹਾ ਸੀ ਕਿ ਉਕਤ ਕਥਿਤ ਦੋਸ਼ੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ | ਕਥਿਤ ਦੋਸ਼ੀ ਸ਼ੱਕ ਪ੍ਰਗਟ ਕਰਦੇ ਸਨ ਕਿ ਉਹ ਉਸਦੇ ਨਾਲ ਪੜ੍ਹਨ ਵਾਲੀ ਇੱਕ ਲੜਕੀ ਨਾਲ ਗੱਲਬਾਤ ਕਰਦਾ ਹੈ | ਸ਼ਿਕਾਇਤ ਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲੇ ਵਿਚ ਕੇਸ ਦਰਜ ਕਰ ਲਿਆ | ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਕਥਿਤ ਦੋਸ਼ੀ ਉਸ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਵੀ ਖੋਹ ਕੇ ਫਰਾਰ ਹੋ ਗਏ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |