ਲੁਧਿਆਣਾ, 27 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਵਲੋਂ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਰੋਡ 'ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਭਾਜਪਾ ਕਾਰਕੁਨਾਂ, ਮਹਿਲਾ ਮੋਰਚਾ ਅਤੇ ਯੁਵਾ ਮੋਰਚਾ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਗੁੱਸਾ ਪ੍ਰਗਟਾਇਆ | ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਬਿਕਰਮ ਸਿੰਘ ਸਿੱਧੂ, ਪ੍ਰਦੇਸ਼ ਮਹਾਮੰਤਰੀ ਅਨਿਲ ਸਰੀਨ, ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਜੀਵਨ ਗੁਪਤਾ, ਅਮਰਜੀਤ ਸਿੰਘ ਟਿੱਕਾ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ, ਨਿਰਮਲ ਸਿੰਘ ਐਸ.ਐਸ. ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪਿਛਲੇ ਕੁੱਝ ਸਾਲਾਂ ਤੋਂ ਝੂਠੇ ਵਾਅਦਿਆਂ, ਫਰਜ਼ੀ ਮਾਮਲਿਆਂ ਅਤੇ ਗਲਤ ਨੀਤੀਆਂ ਰਾਹੀਂ ਲੋਕਾਂ ਨੰੂ ਗੁੰਮਰਾਹ ਕਰ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਵਿਚ ਕਾਨੰੂਨ ਵਿਵਸਥਾ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ ਅਤੇ ਆਮ ਜਨਤਾ ਆਪਣੇ ਆਪ ਨੰੂ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ | ਰੋਸ ਪ੍ਰਦਰਸ਼ਨ ਦੌਰਾਨ ਬਾਥ ਕੈਸਲ ਵਿਚ ਹੋਈ ਗੋਲੀਬਾਰੀ ਦੇ ਮਾਮਲੇ ਨੰੂ ਚੁੱਕਿਆ ਗਿਆ, ਜਿਸ ਵਿਚ ਵਾਸ਼ੂ ਚੋਪੜਾ ਦੀ ਮੌਤ ਹੋ ਗਈ ਸੀ | ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੀੜਤ ਪਰਿਵਾਰ ਨੰੂ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਦੋਸ਼ੀਆਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ | ਇਸ ਮੌਕੇ 'ਤੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਦੀ ਮੰਗ ਨੰੂ ਉਜਾਗਰ ਕੀਤਾ ਗਿਆ | ਇਸ ਤੋਂ ਇਲਾਵਾ ਨੇਹਾ ਕਪਿਲੇਸ਼ ਬਾਂਸਲ ਵਲੋਂ ਆਪਣੇ ਪਤੀ 'ਤੇ ਦਰਜ ਕੀਤੇ ਗਏ ਮਾਮਲੇ ਨੰੂ ਲੈ ਕੇ ਵੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਗਏ | ਉਨ੍ਹਾਂ ਦੱਸਿਆ ਕਿ ਛੋਟੀ ਜਿਹੀ ਤਕਰਾਰ ਨੰੂ ਵੱਡਾ ਬਣਾ ਕੇ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ, ਜੋ ਕਿ ਨਿਆਂ ਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜੋ ਸਰਕਾਰ ਆਪਣੇ ਹੀ ਲੋਕਾਂ ਨੂੰ ਸੁਰੱਖਿਆ ਨਹੀਂ ਦੇ ਸਕਦੀ, ਉਹ ਆਮ ਜਨਤਾ ਦੀ ਸੁਰੱਖਿਆ ਕਿਵੇਂ ਕਰੇਗੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੰੂਨ ਵਿਵਸਥਾ ਦੀ ਸਥਿਤੀ ਡਗਮਗਾ ਚੁੱਕੀ ਹੈ ਅਤੇ ਲੋਕ ਡਰ ਦੇ ਮਾਹੌਲ ਵਿਚ ਜੀ ਰਹੇ ਹਨ | ਇਸ ਮੌਕੇ ਪ੍ਰਵੀਨ ਬਾਂਸਲ, ਸੁਭਾਸ਼ ਡਾਬਰ, ਅਸ਼ੋਕ ਲੁੰਬਾ, ਪ੍ਰੀਤਪਾਲ ਸਿੰਘ ਬਲੀਏਵਾਲ, ਨਰਿੰਦਰ ਸਿੰਘ ਮੱਲ੍ਹੀ, ਮਨੀਸ਼ ਚੋਪੜਾ, ਡਾ. ਸਤੀਸ਼ ਕੁਮਾਰ, ਪੂਨਮ ਰੱਤੜਾ, ਸਾਬਿਰ ਹੁਸੈਨ, ਕੇਵਸ਼ ਗੁਪਤਾ ਆਦਿ ਮੌਜੂਦ ਸਨ |
ਭਾਜਪਾ ਵਲੋਂ 'ਆਪ' ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
28-04-2026