24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸਲੇਮ ਟਾਬਰੀ ਬਹਾਦਰ ਕੇ ਦਾਣਾ ਮੰਡੀ 'ਚ ਲਗਭਗ 90 ਹਜ਼ਾਰ ਬੋਰੀ ਚੁਕਾਈ ਦੀ ਉਡੀਕ ਵਿਚ! <br/>

Ad Position 21
No active advertisement
ਅਜੀਤ ਡੈਸਕ 28-04-2026

ਲੁਧਿਆਣਾ, 27 ਅਪ੍ਰੈਲ (ਜਸਵਿੰਦਰ ਸਿੰਘ)-ਬੀਤੇ ਦਿਨੀਂ ਬਹਾਦਰ ਕੇ ਸਲੇਮ ਟਾਬਰੀ ਦਾਣਾ ਮੰਡੀ ਵਿਚ ਬਾਰਦਾਣੇ ਦੀ ਕਮੀ ਦੇ ਚੱਲਦਿਆਂ ਵੱਡੀ ਸਮੱਸਿਆ ਪੈਦਾ ਹੋ ਗਈ ਸੀ | ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਬਾਰਦਾਣੇ ਦੀ ਸਮੱਸਿਆ ਹੱਲ ਹੋ ਗਈ ਸੀ | ਕਣਕ ਦੇ ਸੀਜ਼ਨ ਦੇ ਦੌਰਾਨ ਇਸ ਦਾਣਾ ਮੰਡੀ ਵਿੱਚ ਲਗਭਗ 2 ਲੱਖ ਦੇ ਕਰੀਬ ਬੋਰੀ ਆਉਂਦੀ ਹੈ | ਪਰ ਦਾਣਾ ਮੰਡੀ ਦੇ ਵਿੱਚ ਹੁਣ ਢਿੱਲੀ ਲਿਫ਼ਟਿੰਗ ਦੇ ਚੱਲਦੇ ਇੱਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ | ਢਿੱਲੀ ਲਿਫ਼ਟਿੰਗ ਦੇ ਕਾਰਨ ਦਾਣਾ ਮੰਡੀ ਦੇ ਸ਼ੈੱਡ ਬੋਰੀਆਂ ਨਾਲ ਦੂਰ ਦੂਰ ਤੱਕ ਭਰੇ ਪਏ ਹਨ | ਇਥੋਂ ਤੱਕ ਕਿ ਸ਼ੈੱਡ ਦੇ ਆਸ-ਪਾਸ ਦੇ ਰਸਤੇ ਉੱਪਰ ਵੀ ਕਣਕ ਦੀਆਂ ਢੇਰੀਆਂ ਅਤੇ ਬੋਰੀਆਂ ਰੱਖਣ ਦੇ ਨਾਲ ਲਗਭਗ ਇਹ ਰਸਤੇ ਕਾਰਾਂ ਅਤੇ ਹੋਰ ਗੱਡੀਆਂ ਵਾਸਤੇ ਬੰਦ ਹੀ ਹੋ ਚੁੱਕੇ ਹਨ | ਮੰਡੀ ਵਿਚ ਦੌਰਾ ਕਰਨ ਤੇ ਮਿਲੀ ਜਾਣਕਾਰੀ ਮੁਤਾਬਿਕ ਲਿਫ਼ਟਿੰਗ ਲਈ ਲੇਬਰ ਦੀ ਘਾਟ ਅਤੇ ਗੱਡੀਆਂ ਨਾ ਆਉਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ | ਇਸ ਵੇਲੇ ਦਾਣਾ ਮੰਡੀ ਵਿਚ ਲਗਭਗ 90 ਹਜ਼ਾਰ ਦੇ ਕਰੀਬ ਬੋਰੀ ਲਿਫ਼ਟਿੰਗ ਦੀ ਉਡੀਕ ਵਿਚ ਪਈ ਹੈ | ਆੜ੍ਹਤੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਵਿੱਚ ਲੇਬਰ ਦੀ ਵੀ ਬਹੁਤ ਜ਼ਿਆਦਾ ਘਾਟ ਹੈ | ਜੇਕਰ ਲੇਬਰ ਮਿਲ ਜਾਂਦੀ ਹੈ ਤਾਂ ਠੇਕੇਦਾਰ ਵੱਲੋਂ ਗੱਡੀ ਨਹੀਂ ਭੇਜੀ ਜਾਂਦੀ, ਜਿਸ ਕਾਰਨ ਮੰਡੀ ਦੇ ਵਿੱਚ ਲਿਫ਼ਟਿੰਗ ਦੀ ਬਹੁਤ ਵੱਡੀ ਸਮੱਸਿਆ ਪੈਦਾ ਹੋ ਗਈ ਹੈ | ਇੱਕ ਪਾਸੇ ਤਾਂ ਸੂਬਾ ਸਰਕਾਰ ਇਹ ਵਾਅਦੇ ਦਾਅਵੇ ਅਤੇ ਇਸ਼ਤਿਹਾਰ ਰਾਹੀਂ ਪ੍ਰਚਾਰ ਕਰਨ ਤੇ ਪੂਰਾ ਜ਼ੋਰ ਲਗਾ ਰਹੀ ਹੈ ਕਿ ਕਿਸਾਨਾਂ ਵੱਲੋਂ ਲਿਆਂਦੀ ਫ਼ਸਲ ਦਾ ਇੱਕ ਇੱਕ ਦਾਣਾ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ | ਪਰ ਬਹਾਦਰ ਕੇ ਦਾਣਾ ਮੰਡੀ ਦੇ ਵਿੱਚ ਹਾਲਾਤ ਬਿਲਕੁਲ ਇਸ ਦੇ ਉਲਟ ਹਨ | ਜੇਕਰ ਆਉਣ ਵਾਲੇ ਦਿਨਾਂ ਵਿਚ ਮੀਂਹ ਪੈ ਜਾਂਦਾ ਹੈ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫ਼ਸਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ |
ਸੂਬਾ ਸਰਕਾਰ ਕਿਸਾਨਾਂ ਦੇ ਨਾਲ - ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ
ਫੂਡ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਗੱਲਬਾਤ ਕਰਦੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ | ਲੁਧਿਆਣਾ ਹੀ ਨਹੀਂ ਸਗੋਂ ਸੂਬੇ ਭਰ ਦੇ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਮਹਾਂਨਗਰ ਦੇ ਵਿਚ ਲਿਫ਼ਟਿੰਗ ਦੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਕੇ ਲਿਫ਼ਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ ਤਾਂ ਜੋ ਮੰਡੀ ਦੇ ਵਿਚ ਕਿਸਾਨ ਅਤੇ ਆੜ੍ਹਤੀਆਂ ਨੂੰ ਕੋਈ ਦਿੱਕਤ ਨਾ ਆਵੇ |
ਮੇਰੇ ਕੋਲ ਗੱਡੀਆਂ ਦੀ ਨਹੀਂ ਬਲਕਿ ਆੜ੍ਹਤੀਆਂ ਕੋਲ ਲੇਬਰ ਦੀ ਘਾਟ ਹੈ- ਠੇਕੇਦਾਰ ਗੌਰਵ
ਠੇਕੇਦਾਰ ਗੌਰਵ ਨੇ ਗੱਲਬਾਤ ਕਰਦੇ ਕਿਹਾ ਕਿ ਸਲੇਮ ਟਾਬਰੀ ਬਹਾਦਰ ਕੇ ਦਾਣਾ ਮੰਡੀ ਦੇ ਵਿਚ ਪਨਗ੍ਰੇਨ ਅਤੇ ਮਾਰਕਫੈੱਡ ਦੋ ਏਜੰਸੀਆਂ ਖ਼ਰੀਦ ਕਰ ਰਹੀਆਂ ਹਨ | ਪਨਗ੍ਰੇਨ ਦੇ ਨਾਲ ਕੰਮ ਕਰਦੇ ਆੜ੍ਹਤੀਏ ਜਲਦੀ ਲੇਬਰ ਲਗਾ ਕੇ ਗੱਡੀਆਂ ਲੋਡ ਕਰਵਾ ਕੇ ਭੇਜ ਦਿੰਦੇ ਹਨ | ਪਰ ਮਾਰਕਫੈੱਡ ਨਾਲ ਸੰਬੰਧਿਤ ਆੜ੍ਹਤੀਆਂ ਦੇ ਕੋਲ ਲੇਬਰ ਦੀ ਘਾਟ ਦੇ ਕਾਰਨ ਗੱਡੀਆਂ ਉੱਥੇ ਕਈ ਘੰਟੇ ਖੜੀਆਂ ਰਹਿੰਦੀਆਂ ਹਨ, ਜਿਸ ਕਾਰਨ ਮੰਡੀ ਦੇ ਵਿੱਚ ਲਿਫ਼ਟਿੰਗ ਦੀ ਸਮੱਸਿਆ ਆ ਰਹੀ ਹੈ | ਇਸ ਸਬੰਧ ਵਿਚ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆ ਦਿੱਤਾ ਗਿਆ ਹੈ |
ਗੱਡੀਆਂ ਅਤੇ ਲੇਬਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ- ਮਾਰਕਫੈੱਡ ਡੀ.ਐਮ ਸੁਧੀਰ
ਮਾਰਕਫੈੱਡ ਦੇ ਡੀਐਮ ਸੁਧੀਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਾਣਾ ਮੰਡੀ ਵਿਚ ਆ ਰਹੀ ਲੇਬਰ ਅਤੇ ਗੱਡੀਆਂ ਦੀ ਸਮੱਸਿਆ ਨੂੰ ਅੱਜ ਹੀ ਹੱਲ ਕਰਵਾ ਦਿੱਤਾ ਜਾਵੇਗਾ | ਅੱਜ ਤੋਂ ਹੀ ਦਾਣਾ ਮੰਡੀ ਦੇ ਵਿਚ ਗੱਡੀਆਂ ਭੇਜ ਕੇ ਆਉਣ ਵਾਲੇ ਪੰਜ ਸੱਤ ਦਿਨਾਂ ਤੱਕ ਪੂਰੀ ਮੰਡੀ ਖ਼ਾਲੀ ਕਰ ਦਿੱਤੀ ਜਾਵੇਗੀ | ਮੀਂਹ ਤੋਂ ਫ਼ਸਲ ਨੂੰ ਬਚਾਉਣ ਵਾਸਤੇ ਵੀ ਤਰਪਾਲਾਂ ਦਾ ਪ੍ਰਬੰਧ ਪਹਿਲਾਂ ਤੋਂ ਹੀ ਕੀਤਾ ਹੋਇਆ ਹੈ |
ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਉਣ - ਪ੍ਰਧਾਨ ਮਨਜੀਤ ਸਿੰਘ ਢਿੱਲੋਂ
ਬਹਾਦਰ ਕੇ ਸਲੇਮ ਟਾਬਰੀ ਦਾਣਾ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਦੇ ਵਿਚ ਲੇਬਰ ਅਤੇ ਗੱਡੀਆਂ ਦੀ ਘਾਟ ਹੋਣ ਕਰਕੇ ਬਹੁਤ ਵੱਡੀ ਸਮੱਸਿਆ ਪੈਦਾ ਹੋ ਗਈ ਹੈ | ਜ਼ਿੰਮੇਵਾਰ ਆਪਣੀ ਡਿਊਟੀ ਤੋਂ ਭੱਜ ਰਹੇ ਹਨ, ਜਿਸ ਕਾਰਨ ਮੰਡੀਆਂ ਵਿਚ ਬੈਠੇ ਆੜ੍ਹਤੀ ਅਤੇ ਕਿਸਾਨ ਸਰਕਾਰ ਨੂੰ ਕੋਸਦੇ ਹਨ, ਜਿਸ ਨਾਲ ਸਰਕਾਰ ਦੀ ਬਦਨਾਮੀ ਹੋ ਰਹੀ ਹੈ | ਉਹਨਾਂ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀ ਵਿਚ ਜਲਦ ਤੋਂ ਜਲਦ ਲੇਬਰ ਅਤੇ ਗੱਡੀਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਅਧਿਕਾਰੀ ਆਪਣੀ ਬਣਨ ਦੀ ਜ਼ਿੰਮੇਵਾਰੀ ਨਿਭਾਉਣ |

Ad Position 22
No active advertisement
ਪਿਛਲੀ ਖ਼ਬਰ ਅਦਾਲਤ ਨੇ ਸਾਬਕਾ ਭਾਜਪਾ ਕੌਂਸਲਰ ਨੂੰ ਭਗੌੜਾ ਐਲਾਨਿਆ <br/> ਅਗਲੀ ਖ਼ਬਰ ਭਾਜਪਾ ਵਲੋਂ 'ਆਪ' ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/>
Ad Position 24