ਲੁਧਿਆਣਾ, 27 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਵ: ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤੱਕ ਦੀਆਂ ਸਰਕਾਰਾਂ ਨੇ ਜੋ ਭਾਰਤ ਨੂੰ ਦੇਣ ਦਿੱਤੀ, ਇਸ ਵਿਸ਼ੇ 'ਤੇ ਸੈਮੀਨਾਰ ਮਈ ਵਿਚ ਹੋਵੇਗਾ | ਇਹ ਜਾਣਕਾਰੀ ਸੀਨੀਅਰ ਕਾਂਗਰਸੀ ਨੇਤਾ ਕਿ੍ਸ਼ਨ ਕੁਮਾਰ ਬਾਵਾ ਪ੍ਰਧਾਨ ਦੇਸ਼ ਭਗਤ ਯਾਦਗਾਰੀ ਸੋਸਾਇਟੀ ਪੰਜਾਬ ਅਤੇ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਦਿੱਤੀ | ਸ੍ਰੀ ਬਾਵਾ ਨੇ ਕਿਹਾ ਕਿ 'ਆਪ' ਜਿਵੇਂ ਆਈ ਸੀ ਉਵੇਂ ਜਾਏੇਗੀ | ਉਨ੍ਹਾਂ ਕਿਹਾ ਕਿ ਸਿਧਾਂਤਹੀਣ ਪਾਰਟੀਆਂ ਦੇਸ਼ ਅਤੇ ਸਮਾਜ ਲਈ ਖਤਰੇ ਦੀ ਘੰਟੀ ਹਨ | ਉਨ੍ਹਾਂ ਕਿਹਾ ਕਿ ਜੇਕਰ ਕੋਈ ਨੇਤਾ ਸਿਰਫ ਨਿੱਜੀ ਫਾਇਦਾ ਸੋਚੇਗਾ ਤਾਂ ਪਾਰਟੀ ਦਾ ਨੁਕਸਾਨ ਹੋਵੇਗਾ, ਬੇਸ਼ੱਕ ਕੋਈ ਵੀ ਸਿਆਸੀ ਪਾਰਟੀ ਹੋਵੇ | ਸ੍ਰੀ ਬਾਵਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਕਿਸੇ ਕਾਂਗਰਸੀ ਨੇਤਾ ਨੂੰ ਦੇਣ ਲੈਣ ਵਾਲੇ ਸੂਟ ਕਹਿੰਦੇ ਸੀ ਪਰ ਅਸਲੀ ਸੂਟ ਇਹ ਹੁੰਦੇ ਹਨ ਜੋ 7 ਸੂਟ ਸ਼ਗਨਾਂ ਦੇ ਤੁਹਾਡੇ ਨਾਲੋਂ ਵੱਡੇ ਵਪਾਰੀਆਂ ਦੇ ਘਰ ਚਲੇ ਗਏ | ਬਾਵਾ ਨੇ ਕਿਹਾ ਕਿ ਜੇਕਰ 1985 ਵਿਚ ਮਰਹੂਮ ਰਾਜੀਵ ਗਾਂਧੀ ਨੇ ਦਲ ਬਦਲੀ 'ਤੇ ਕਾਨੂੰਨ ਨਾ ਬਣਾਇਆ ਹੁੰਦਾ ਤਾਂ ਅੱਜ ਦੇਸ਼ ਦੇ ਲੋਕਤੰਤਰ ਨੂੰ ਹੋਰ ਵੀ ਵੱਡਾ ਖਤਰਾ ਹੋਣਾ ਸੀ | ਉਨ੍ਹਾਂ ਕਿਹਾ ਕਿ 'ਆਪ' ਵਿਚ ਦੇਸ਼ ਭਗਤਾਂ ਦਾ ਕੋਈ ਸਥਾਨ ਨਹੀਂ | ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਤਾਂ ਧਰਮਵੀਰ ਗਾਂਧੀ, ਸੁਖਪਾਲ ਖਹਿਰਾ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਘੁੱਗੀ ਅਤੇ ਐੱਚ.ਐੱਸ. ਫੂਲਕਾ ਨੂੰ ਬਾਹਰ ਦਾ ਰਸਤਾ ਦਿਖਾ ਕੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਹੈ |