ਘੁਮਾਣ, 27 ਅਪ੍ਰੈਲ (ਬਮਰਾਹ)-ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਦਰਜਨ ਤੋਂ ਵਧੇਰੇ ਵਿਅਕਤੀ ਇਕ ਘਰ ਵਿਚ ਕੰਧਾਂ ਟੱਪ ਕੇ ਦਾਖਲ ਹੁੰਦੇ ਹਨ ਅਤੇ ਘਰ ਦੇ ਅੰਦਰੋਂ ਇਕ ਵਿਅਕਤੀ ਅਤੇ ਅÏਰਤਾਂ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ | ਇਹ ਵੀਡੀਓ ਅੱਗ ਦੀ ਤਰਾਂ ਫੈਲ ਜਾਣ ਤੋਂ ਬਾਅਦ ਘੁਮਾਣ ਪੁਲਿਸ ਵਲੋਂ ਸਖਤ ਨੋਟਿਸ ਲੈਂਦਿਆਂ ਹੋਇਆਂ ਵੀਡੀਓ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ 21-22 ਲੋਕਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ | ਥਾਣਾ ਘੁਮਾਣ ਦੇ ਐਸਐਚਓ ਹਰਜਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਕਿਰਨਦੀਪ ਕੌਰ ਪਤਨੀ ਸੁਖਚੈਨ ਸਿੰਘ ਵਾਸੀ ਬੋਹਜਾ ਨੇ ਥਾਣਾ ਘੁਮਾਣ ਵਿੱਚ ਬਿਆਨ ਦਰਜ ਕਰਵਾਏ ਕਿ ਸਾਡੇ ਘਰ ਦੇ ਸਾਹਮਣੇ ਹਰਿੰਦਰ ਸਿੰਘ ਪੁੱਤਰ ਸੰਤਾ ਸਿੰਘ ਦੀ ਹਵੇਲੀ ਹੈ, ਉਸ ਦਿਨ ਤੂੜੀ ਬਣਾ ਰਿਹਾ ਸੀ ਅਤੇ ਹਰਜਿੰਦਰ ਸਿੰਘ ਦੇ ਘਰ ਕੰਮ ਲਈ ਲੱਗੇ ਬੰਦੇ ਗਲੀ ਵਿਚ ਬੈਠੇ ਸਨ | ਇੰਨੇ ਨੂੰ ਸਾਡੀ ਪਾਣੀ ਵਾਲੀ ਟੈਂਕੀ ਦਾ ਪਾਣੀ ਓਵਰਫਲੋ ਹੋ ਗਿਆ, ਜਿਸ ਕਰ ਕੇ ਗਲੀ ਵਿਚ ਬੈਠੇ ਵਿਅਕਤੀਆਂ ਉੱਪਰ ਪਾਣੀ ਦੇ ਛਿੱਟੇ ਪੈ ਗਏ, ਇਸ ਗੱਲ ਤੋਂ ਹਰਜਿੰਦਰ ਸਿੰਘ ਨੇ ਮੈਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਮੇਰਾ ਪਤੀ ਸੁਖਚੈਨ ਸਿੰਘ ਮੌਕੇ 'ਤੇ ਆ ਗਿਆ, ਜਿੱਥੇ ਗਲੀ ਵਿਚ ਹਰਜਿੰਦਰ ਸਿੰਘ ਅਤੇ ਮੇਰੇ ਪਤੀ ਸੁਖਚੈਨ ਸਿੰਘ ਦਾ ਮਾਮੂਲੀ ਝਗੜਾ ਹੋਇਆ, ਜਿਸ ਵਿਚ ਹਰਜਿੰਦਰ ਸਿੰਘ ਨੇ ਅਗਲੇ ਦਿਨ 24 ਅਪ੍ਰੈਲ ਨੂੰ ਫੈਸਲੇ ਲਈ ਟਾਈਮ ਰੱਖਿਆ ਹੋਇਆ ਸੀ, ਪ੍ਰੰਤੂ ਸਵੇਰੇ 9 ਵਜੇ ਮੈਂ ਆਪਣੇ ਪਤੀ ਸੁਖਚੈਨ ਸਿੰਘ, ਸੱਸ ਦਲਜੀਤ ਕੌਰ ਅਤੇ ਸੋਹਰਾ ਬੂਟਾ ਸਿੰਘ ਘਰ ਵਿੱਚ ਹਾਜ਼ਰ ਸੀ | ਥਾਣਾ ਮੁਖੀ ਨੇ ਦੱਸਿਆ ਕਿ ਉਹਨਾਂ ਆਪਣੇ ਬਿਆਨ ਵਿਚ ਦਰਜ ਕਰਵਾਇਆ ਕਿ ਹਰਿੰਦਰ ਸਿੰਘ, ਅਵਤਾਰ ਸਿੰਘ, ਚੰਨ, ਅਵੀ, ਜੋਤੀ, ਅਵਤਾਰ ਸਿੰਘ ਦੇ 2 ਸਾਲੇ ਅਤੇ 15-16 ਜਣੇ ਹੋਰ ਘਰ ਦੇ ਗੇਟ ਨੂੰ ਤੋੜਨ ਦਾ ਯਤਨ ਕਰਦੇ ਰਹੇ, ਜਿਨਾਂ ਵਿਚੋਂ ਇਕ ਕੰਧ ਟੱਪ ਕੇ ਗੇਟ ਖੋਲਦਾ ਹੈ ਤੇ ਘਰ ਦੇ ਅੰਦਰ ਦਾਖਲ ਹੋ ਕੇ ਮੇਰੇ ਪਤੀ ਸੁਖਚੈਨ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ | ਇਹਨਾਂ ਵਲੋਂ ਮੇਰੀ ਸੱਸ, ਸਹੁਰੇ ਅਤੇ ਮੇਰੇ ਨਾਲ ਕੁੱਟਮਾਰ ਕੀਤੀ, ਉਹਨਾਂ ਕਿਹਾ ਕਿ ਕਿਰਨਦੀਪ ਕੌਰ ਨੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਉਹ ਗਰਭਵਤੀ ਸੀ ਅਤੇ ਇਸ ਮਾਰਕਟਾਈ ਦੌਰਾਨ ਉਸ ਦੇ ਢਿੱਡ ਵਿਚ ਲੱਤਾਂ ਵੱਜੀਆਂ, ਜਿਸ ਨਾਲ ਉਸ ਦਾ ਗਰਭਪਾਤ ਹੋ ਗਿਆ | ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਲੋਂ ਦੋ ਕਮਰਿਆਂ ਦੇ ਦਰਵਾਜ਼ੇ, ਟੀ.ਵੀ., ਬੈਡ, ਪੱਖਾ, ਅਲਮਾਰੀ ਦੀ ਭੰਨ-ਤੋੜ ਕੀਤੀ ਹੈ | ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਿਰਨਦੀਪ ਕੌਰ ਦੇ ਬਿਆਨ ਦਰਜ ਕਰ ਕੇ ਛੇ ਵਿਅਕਤੀਆਂ ਨੂੰ ਨਾਮਜਦ ਕਰ ਕੇ ਧਾਰਾ 115 (2), 333 ,127 (2), 324 (4), 88 191 (3), 190 ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ | ਇਸ ਦੇ ਨਾਲ ਹੀ 15-16 ਅਣਪਛਾਤੇ ਵਿਅਕਤੀਆਂ ਨੂੰ ਵੀ ਇਸ ਮੁਕਦਮੇ ਵਿਚ ਸ਼ਾਮਿਲ ਕੀਤਾ ਗਿਆ ਹੈ | ਉਹਨਾਂ ਕਿਹਾ ਕਿ ਮੁਕਦਮਾ ਦਰਜ ਕਰ ਕੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਪਾਰਟੀਆਂ ਭੇਜੀਆਂ ਗਈਆਂ ਹਨ | ਦੋਸ਼ੀਆਂ ਨੂੰ ਜਲਦ ਹੀ ਗਿ੍ਫਤਾਰ ਕੀਤਾ ਜਾਵੇਗਾ |