ਲੁਧਿਆਣਾ, 27 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ 40 ਦਿਨ ਦੀ ਭਾਣਜੀ ਨੂੰ ਬੰਦੀ ਬਣਾਉਣ ਵਾਲੇ ਮਾਮੇ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਗੁਰ ਅਨਮੋਲ ਸਿੰਘ ਵਾਸੀ ਪਿੰਡ ਕਾਕੋਵਾਲ ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਦਾ ਆਪਣੀ ਮਾਂ ਨਾਲ ਕੁੱਝ ਵਿਵਾਦ ਚੱਲ ਰਿਹਾ ਹੈ ਅਤੇ ਇਸ ਵਿਵਾਦ ਦੇ ਚੱਲਦੇ ਉਸ ਨੇ ਆਪਣੀ ਭਾਣਜੀ ਇਲਾਹੀ ਨੂਰ ਨਿਜਰ ਨੂੰ ਬੰਦੀ ਬਣਾ ਲਿਆ | ਰੌਲੇ ਦੀ ਆਵਾਜ਼ ਸੁਣ ਕੇ ਉੱਥੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਕਾਰਵਾਈ ਕਰਦਿਆਂ ਗੁਰ ਅਨਮੋਲ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੇ ਕਬਜ਼ੇ ਵਿਚੋਂ ਬੱਚੀ ਨੂੰ ਬਰਾਮਦ ਕੀਤਾ ਹੈ | ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |