ਡੇਹਲੋਂ, 27 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਕਾਂਗਰਸ ਕਿਸਾਨ ਸੈਲ ਜ਼ਿਲ੍ਹਾ ਪ੍ਰਧਾਨ ਹਿਰਦੇਪਾਲ ਸਿੰਘ ਢੀਂਡਸਾ ਨੇ ਕਣਕ ਦੀ ਖ਼ਰੀਦ ਸੰਬੰਧੀ ਗੋਪਾਲਪੁਰ (ਡੇਹਲੋਂ), ਕਿਲ੍ਹਾ ਰਾਏਪੁਰ, ਟਿੱਬਾ, ਲਲਤੋਂ ਸਮੇਤ ਦਰਜਨਾਂ ਵੱਖ-ਵੱਖ ਖ਼ਰੀਦ ਕੇਂਦਰਾਂ ਅੰਦਰ ਦੌਰਾ ਕਰਨ ਸਮੇਂ ਦਾਣਾ ਮੰਡੀਆਂ ਅੰਦਰ ਕਣਕ ਦੀ ਖ਼ਰੀਦ ਸੰਬੰਧੀ ਪੁਖ਼ਤਾ ਪ੍ਰਬੰਧ ਨਾ ਹੋਣ ਦੇ ਦੋਸ਼ ਲਗਾਏ | ਕਿਸਾਨ ਸੈਲ ਜ਼ਿਲ੍ਹਾ ਪ੍ਰਧਾਨ ਢੀਂਡਸਾ ਨੇ ਕਿਹਾ ਕਿ ਪੰਜਾਬ ਕਾਂਗਰਸ ਕਿਸਾਨ ਸੈੱਲ ਦੇ ਦਿਸ਼ਾ-ਨਿਰਦੇਸ਼ ਹੇਠ ਵੱਖ-ਵੱਖ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ, ਜਿਸ ਤੋਂ ਪਤਾ ਲੱਗਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਸਿਰਫ਼ ਬਿਆਨਬਾਜ਼ੀ ਕਰ ਕੇ ਲੋਕਾਂ ਦਾ ਢਿੱਡ ਭਰਨ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ | ਢੀਂਡਸਾ ਨੇ ਕਿਹਾ ਕਿ ਦਾਣਾ ਮੰਡੀਆਂ 'ਚ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਸਾਨ ਕਈ ਦਿਨਾਂ ਤੋਂ ਮੰਡੀਆਂ ਵਿਚ ਖੱਜਲ-ਖੁਆਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਅੰਦਰ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ ਅਤੇ ਸਮੇਂ ਸਿਰ ਕਿਸਾਨ ਦੀ ਫ਼ਸਲ ਚੁੱਕੀ ਜਾਂਦੀ ਰਹੀ | ਪਰ ਹੁਣ ਕਿਸਾਨ ਹਿਤੈਸ਼ੀ ਹੋਣ ਦੇ ਖੋਖਲੇ ਦਾਅਵੇ ਕਰਨ ਵਾਲੀ ਪਾਰਟੀ ਦੇ ਰਾਜ ਅੰਦਰ ਕਿਸਾਨ ਦੁਖੀ ਨਜ਼ਰ ਆ ਰਹੇ ਹਨ | ਜ਼ਿਲ੍ਹਾ ਪ੍ਰਧਾਨ ਢੀਂਡਸਾ ਨੇ ਦਾਅਵਾ ਕਰਦਿਆਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ, ਜਿਸ ਬਾਅਦ ਕਿਸਾਨਾਂ ਨੂੰ ਫ਼ਸਲਾਂ ਵੇਚਣ ਸਮੇਂ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ | ਇਸ ਸਮੇਂ ਜ਼ਿਲ੍ਹਾ ਕਾਂਗਰਸ ਦਿਹਾਤੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਲਾਡੀ ਜੱਸੜ, ਪ੍ਰਮਿੰਦਰ ਸਿੰਘ ਗਾਬੀ ਪੋਹੀੜ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਪੰਜਾਬ ਕਾਂਗਰਸ ਕਿਸਾਨ ਸੈਲ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਗਿੱਲ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗਿੱਲ, ਕਿਸਾਨ ਸੈੱਲ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਰਪੰਚ ਮਿੱਠਾ ਠੱਕਰਵਾਲ, ਸੁਖਦੀਪ ਸਿੰਘ ਰਾਜੂ ਆੜ੍ਹਤੀਆ, ਬਿੱਟੂ ਲਲਤੋਂ, ਕੁਲਤੇਜ ਸਿੰਘ ਗਿੱਲ, ਦਲਜੀਤ ਸਿੰਘ ਗ਼ਾਲਿਬ, ਮੀਤ ਪ੍ਰਧਾਨ ਬਲਦੇਵ ਸਿੰਘ, ਬਲਰਾਜ ਸਿੰਘ ਸੋਨੀ, ਲੱਖਾ ਲਲਤੋਂ, ਮਾਨ ਸਿੰਘ ਗੁਰਮ, ਸਾਬਕਾ ਸਰਪੰਚ ਬਲਰਾਜ ਸਿੰਘ ਗੁਰਮ ਸਮੇਤ ਹਾਜ਼ਰ ਸਨ |