ਲੁਧਿਆਣਾ, 27 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਕਾਂਗਰਸ ਦੀ ਮਹਿਲਾ ਕੌਂਸਲਰ ਪਰਮਿੰਦਰ ਕੌਰ ਦੇ ਪਤੀ ਇੰਦਰਜੀਤ ਸਿੰਘ ਇੰਦੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਵੀ ਅਧਿਕਾਰੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਿਹਾ, ਪਰ ਸੂਤਰਾਂ ਅਨੁਸਾਰ ਇੰਦੀ ਨੂੰ ਅਮਨ ਸ਼ਾਂਤੀ ਭੰਗ ਹੋਣ ਦੇ ਖਦਸ਼ੇ ਕਾਰਨ ਧਾਰਾ 107 /151 ਤਹਿਤ ਇਸ ਹਿਰਾਸਤ ਵਿਚ ਲਿਆ ਗਿਆ ਹੈ | ਇਸ ਤੋਂ ਪਹਿਲਾਂ ਪੁਲਿਸ ਵਲੋਂ ਨਗਰ ਨਿਗਮ ਮੁਲਾਜ਼ਮਾਂ ਨਾਲ ਉਲਝਣ ਦੇ ਦੋਸ਼ ਤਹਿਤ ਇੰਦੀ ਖਿਲਾਫ ਕੇਸ ਦਰਜ ਕੀਤਾ ਸੀ ਅਤੇ ਇਸ ਮਾਮਲੇ ਵਿਚ ਇੰਦੀ ਦੀ ਅਗਾਊਾ ਜ਼ਮਾਨਤ ਦੀ ਅਰਜੀ ਤੇ ਅੱਜ ਸ਼ਾਮ ਸੁਣਵਾਈ ਹੋਈ ਭਾਵੇਂ ਕਿ ਇਸ ਪਹਿਲਾਂ ਤੋਂ ਦਰਜ ਮਾਮਲੇ ਵਿਚ ਪੁਲਿਸ ਵਲੋਂ ਕੁਝ ਹੋਰ ਧਰਾਵਾਂ ਵੀ ਜੋੜ ਦਿੱਤੀਆਂ ਗਈਆਂ ਸਨ, ਪਰ ਫਿਰ ਵੀ ਮਾਨਯੋਗ ਜੱਜ ਵੱਲੋਂ ਇੰਦੀ ਨੂੰ ਰਾਹਤ ਦਿੰਦਿਆਂ 30 ਅਪ੍ਰੈਲ ਤੱਕ ਅਗਾਊਾ ਜ਼ਮਾਨਤ ਦੇ ਦਿੱਤੀ ਸੀ | ਇਸ ਅਰਜੀ ਨੂੰ ਲੈ ਕੇ ਅੱਜ ਸਰਕਾਰੀ ਅਤੇ ਸਫ਼ਾਈ ਪੱਖ ਦੇ ਵਕੀਲਾਂ ਵਿਚਾਲੇ ਜ਼ੋਰਦਾਰ ਬਹਿਸ ਹੋਈ | ਸਰਕਾਰੀ ਪੱਖ ਦੇ ਵਕੀਲਾਂ ਦਾ ਕਹਿਣਾ ਸੀ ਕਿ ਇੰਦੀ ਵੱਲੋਂ ਪੁਲਿਸ ਨੂੰ ਜਾਂਚ ਵਿਚ ਸਹਿਯੋਗ ਨਹੀਂ ਕੀਤਾ ਜਾ ਰਿਹਾ, ਇਸ ਲਈ ਉਸਦੀ ਹਿਰਾਸਤ ਜਰੂਰੀ ਹੈ | ਭਾਵੇਂ ਕਿ ਉਸ ਨੂੰ ਇਸ ਮਾਮਲੇ ਵਿਚ ਅਦਾਲਤ ਵੱਲੋਂ ਰਾਹਤ ਦਿੱਤੀ ਗਈ, ਪਰ ਪੁਲਿਸ ਵਲੋਂ ਇਕ ਹੋਰ ਮਾਮਲੇ ਵਿਚ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ |