ਲੁਧਿਆਣਾ, 27 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਨਸ਼ਾ ਕਰਦੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿਚ ਇੱਕ ਔਰਤ ਵੀ ਸ਼ਾਮਿਲ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਪੁਰਾਣੀ ਸਬਜ਼ੀ ਮੰਡੀ ਨੇੜੇ ਸਿਵਾਲੀ ਉਰਫ ਮੋਨਿਕਾ ਵਾਸੀ ਸਲੇਮ ਟਾਬਰੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਕੁਝ ਨਸ਼ਾ ਬਰਾਮਦ ਕੀਤਾ ਹੈ | ਉਕਤ ਔਰਤ ਸ਼ਰੇ੍ਹਆਮ ਸੜਕ 'ਤੇ ਨਸ਼ਾ ਕਰ ਰਹੀ ਸੀ | ਦੂਜੇ ਮਾਮਲੇ ਵਿਚ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਦਾਣਾ ਮੰਡੀ ਨੇੜੇ ਅਜੇ ਕੁਮਾਰ ਉਰਫ ਅਜੇ ਵਾਸੀ ਮੇਹਰਬਾਨ ਨੂੰ ਵੀ ਨਸ਼ਾ ਕਰਦੇ ਕਾਬੂ ਕੀਤਾ ਹੈ | ਤੀਜੇ ਮਾਮਲੇ ਵਿਚ ਪੁਲਿਸ ਨੇ ਗਗਨਦੀਪ ਸਿੰਘ ਉਰਫ ਜਾਨੂ ਵਾਸੀ ਤਾਜਪੁਰ ਰੋਡ ਨੂੰ ਵੀ ਨਸ਼ਾ ਕਰਦਿਆਂ ਹਰਚਰਨ ਨਗਰ ਤੋਂ ਕਾਬੂ ਕੀਤਾ ਹੈ | ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਪਰਮਿੰਦਰ ਸਿੰਘ ਉਰਫ ਹੈਰੀ ਵਾਸੀ ਆਜ਼ਾਦ ਨਗਰ ਨੂੰ ਵੀ ਮੁਹੱਲਾਪੁਰੀ ਨਗਰ ਵਿਚ ਨਸ਼ਾ ਕਰਦੇ ਕਾਬੂ ਕੀਤਾ ਹੈ | ਥਾਣਾ ਹੈਬੋਵਾਲ ਦੀ ਪੁਲਿਸ ਨੇ ਤਰੁਨ ਕੁਮਾਰ ਵਾਸੀ ਕੁੰਦਨਪੁਰੀ ਨੂੰ ਵੀ ਨਸ਼ਾ ਕਰਦੇ ਕਾਬੂ ਕੀਤਾ ਹੈ ਅਤੇ ਦੋਸ਼ੀ ਜਸੀਆਂ ਨੇੜੇ ਜਾਂਦੀ ਰੇਲਵੇ ਲਾਈਨ 'ਤੇ ਨਸ਼ਾ ਕਰ ਰਿਹਾ ਸੀ | ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਵਿਜੇ ਕੁਮਾਰ ਵਾਸੀ ਨਿਊ ਤੇਗ ਬਹਾਦਰ ਨਗਰ ਵਿਸ਼ਾਲ ਵਾਸੀ ਡਾਕਟਰ ਅੰਬੇਦਕਰ ਨਗਰ ਅਤੇ ਸੰਨੀ ਵਾਸੀ ਡਾਕਟਰ ਅੰਬੇਦਕਰ ਨਗਰ ਨੂੰ ਵੀ ਨਸ਼ੇ ਕਰਦੇ ਕਾਬੂ ਕੀਤਾ ਹੈ | ਪੁਲਿਸ ਵਲੋਂ ਇਹਨਾਂ ਸਾਰਿਆਂ ਖਿਲਾਫ ਕੇਸ ਦਰਜ ਕਰ ਲਿਆ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ |