ਲੁਧਿਆਣਾ, 27 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਫੈਕਟਰੀਆਂ ਵਿਚ ਡਾਕਾ ਮਾਰਨ ਵਾਲੇ ਇੱਕ ਖਤਰਨਾਕ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਪੁਲਿਸ ਵਲੋਂ ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ | ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਚੰਦਨ, ਪ੍ਰਦੀਪ ਗੁਪਤਾ, ਰੋਹਿਤ ਕੁਮਾਰ ਪੱਪੂ ਅਤੇ ਨੀਰਜ ਕੁਮਾਰ ਵਾਸੀ ਤਾਜਪੁਰ ਸ਼ਾਮਿਲ ਹਨ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਕਈ ਫੈਕਟਰੀਆਂ ਵਿਚ ਡਕੈਤੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ | ਪੁਲਿਸ ਵਲੋਂ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਟਰੱਕ, ਗੈਸ ਸਿਲੰਡਰ, ਰੈਗੂਲੇਟਰ, ਇੱਕ ਪਿਸਤੌਲ, ਮੋਬਾਈਲ, ਦਾਤ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ | ਪੁਲਿਸ ਵਲੋਂ ਇਹਨਾਂ ਸਾਰੇ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ | ਪੁਲਿਸ ਨੇ ਇਨ੍ਹਾਂ ਨੂੰ ਸਾਹਿਬਾਨਾਂ ਪੁਲੀ ਨੇੜਿਓਾ ਉਸ ਵੇਲੇ ਕਾਬੂ ਕੀਤਾ ਜਦੋਂ ਕਿ ਉਹ ਸ਼ਹਿਰ ਵਿਚ ਇੱਕ ਫੈਕਟਰੀ ਵਿਚ ਡਕੈਤੀ ਦੀ ਯੋਜਨਾ ਬਣਾ ਰਹੇ ਸਨ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ |