ਲੁਧਿਆਣਾ, 3 ਮਈ (ਪਰਮਿੰਦਰ ਸਿੰਘ ਅਹੂਜਾ)- ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਅਰੰਭਤਾ ਟਕਸਾਲ ਦੇ ਹੋਣਹਾਰ ਵਿਦਿਆਰਥੀ ਵਲੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ | ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਨੇ ਸਮਝਾਇਆ ਕਿ ਜੀਵਨ ਇਕ ਮਾਰਗ ਹੈ, ਜਿਸ ਵਿਚ ਸਵਾਸਾਂ ਦੇ ਕੀਮਤੀ ਮੋਤੀ ਬਿਖਰੇ ਪਏ ਹਨ | ਪਰ ਅਸੀਂ ਅੰਨੇ੍ਹ ਦੀ ਤਰ੍ਹਾਂ ਇਹਨਾਂ ਮੋਤੀਆਂ ਕੋਲੋਂ ਦੀ ਲੰਘਦੇ ਜਾਂਦੇ ਹਾਂ | ਉਨ੍ਹਾਂ ਗੁਰਬਾਣੀ ਸ਼ਬਦਾਂ ਦੇ ਹਵਾਲੇ ਨਾਲ ਸਮਝਾਇਆ ਕਿ ਇਸ ਮਾਰਗ 'ਤੇ ਚੱਲ ਕੇ ਪ੍ਰਭੂ ਤੱਕ ਪਹੁੰਚਣ ਦੀ ਬਜਾਏ ਰਸਤੇ ਵਿਚ ਹੀ ਬੈਠੇ ਜਾਂਦੇ ਹਾਂ | ਜੀਵਨ ਦਾ ਇਹ ਮਾਰਗ ਸੰਸਾਰ ਤੋਂ ਸ਼ੁਰੂ ਹੋ ਕੇ ਨਿਰੰਕਾਰ ਤੱਕ ਬੁੱਝਦਾ ਹੈ | ਜੀਵਨ ਕੁਝ ਪਦਾਰਥ ਜੜ ਅਸਥੁਲ ਸੰਸਾਰ ਦਾ ਹਿੱਸਾ ਹੈ ਜੋ ਜੀਵਨ ਚੇਤਨਾ ਪਰਮ ਪ੍ਰਕਾਸ਼ ਪਰਮਾਤਮਾ ਦਾ ਵੀ ਹਿੱਸਾ ਹੈ ਸੰਸਾਰ ਤੋਂ ਪਰਮ ਪ੍ਰਕਾਸ਼ ਤੱਕ ਪੁੱਜਣ ਦੇ ਜੀਵਨ ਇਕ ਮਾਰਗ ਹੈ | ਮਹਾਂਪੁਰਸ਼ਾਂ ਨੇ ਜ਼ੋਰ ਦਿੰਦਿਆਂ ਸਮਝਾਇਆ ਕਿ ਜੀਵਨ ਇੱਕ ਪੌੜੀ ਹੈ, ਜੋ ਸੰਸਾਰ ਤੋਂ ਨਿਰੰਕਾਰ ਤੱਕ ਅਪੜਨ ਦਾ ਵਸੀਲਾ ਹੈ | ਪੌੜੀ ਦਾ ਇਕ ਸਿਰਾ ਜਮੀਨ 'ਤੇ ਖੜਾ ਹੈ, ਦੂਜਾ ਕੋਠੇ ਨਾਲ | ਜ਼ਮੀਨ 'ਤੇ ਖੜਾ ਜੀਵਨ, ਪਰਮੇਸ਼ਰ ਦੇ ਕੋਠੇ ਪੁੱਜ ਸਕੇ, ਪਰਮੇਸ਼ਰ ਵਲੋਂ ਮਿਲੀ ਜੀਵਨ ਰੂਪੀ ਪੌੜੀ ਤੇ ਜੇਕਰ ਇਸ ਵਾਰੀ ਨਾ ਚੜ ਸਕੇ, ਤਾਂ ਥੱਲੇ ਹੀ ਰਹਿ ਜਾਵਾਂਗੇ | ਥੱਲੇ ਦਾ ਜੀਵਨ ਤਾਂ ਅਤੀ ਪੀੜਾਦਾਈ ਹੈ | ਆਦਿ ਕਾਲ ਤੋਂ ਰਸਿਕ ਅਨੁਭਵੀ ਪੁਰਸ਼ ਮਨੁੱਖੀ ਜੀਵਨ ਦੇ ਗੀਤ ਗਾਉਂਦੇ ਆਏ ਹਨ ਕਿਉਂਕਿ ਪ੍ਰਭੂ ਮਿਲਣ ਇਸੇ ਹੀ ਦੇਹੀ ਵਿਚ ਸੰਭਵ ਹੈ ਦੇਵਤੇ ਪਵਿੱਤਰ ਰੂਹਾਂ ਹਨ ਤੇ ਜਿਨ੍ਹਾਂ ਨੂੰ ਤਨ ਨਹੀਂ ਿਮਿਲਆ ਇਸ ਦੇਹੀ ਲਈ ਤੜਫਦੀਆਂ ਹਨ ਤੇ ਇਸੇ ਦੇਹੀ ਦੀ ਮੰਗ ਕਰਦੀਆਂ ਹਨ | ਪਿਛਲੇ ਜਨਮ ਨਾਮ-ਸਾਧਨਾ ਜਿਸ ਦੀ ਅਧੂਰੀ ਰਹਿ ਗਈ ਹੈ, ਉਸ ਨੂੰ ਮਰ ਕੇ ਛੇਤੀ ਜਨਮ ਨਹੀਂ ਮਿਲਦਾ ਕਿਉਂਕਿ ਉਸ ਦਾ ਜਨਮ ਹੋ ਸਕੇ, ਉਸ ਅਨੁਸਾਰ ਮਾਹੌਲ ਮਾਂ-ਬਾਪ ਚੰਗੇ ਚਾਹੀਦੇ ਹਨ | ਸੋ ਐਸੇ ਮਾਂ-ਬਾਪ ਦੁਲਭ ਹਨ, ਜਿੱਥੋਂ ਐਸੀਆਂ ਪਵਿੱਤਰ ਰੂਹਾਂ ਦੇਹ ਨਾਲ ਜਨਮ ਲੈਂਦੀਆਂ ਹਨ | ਮਨੁੱਖੀ ਤਨ ਦੀ ਇਹ ਮਹਾਨਤਾ ਹੈ ਕਿ ਇਹ ਪਰਮਾਤਮਾ ਨੂੰ ਮਿਲਣ ਦਾ ਸਾਧਨ ਹੈ | ਸੋ ਪਵਿੱਤਰ ਰੂਹਾਂ ਮਨੁੱਖੀ ਤਨ ਲਈ ਪ੍ਰਯਤਨਸ਼ੀਲ ਰਹਿੰਦੀਆਂ ਹਨ |