ਲੁਧਿਆਣਾ, 4 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਵਿਚ ਵਿਕਾਸ ਦੇ ਨਾਂ ਤੇ ਪੁਰਾਣੀਆਂ ਸੜਕਾਂ ਨੰੂ ਪੁੱਟਕੇ ਨਵੀਆਂ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਹਕੀਕਤ ਵਿਚ ਇਹ ਕੰਮ ਲੋਕਾਂ ਲਈ ਸਹੂਲਤ ਦੀ ਬਜਾਏ ਮੁਸ਼ਕਲਾਂ ਦਾ ਕਾਰਨ ਬਣ ਰਹੇ ਹਨ | ਸ਼ਹਿਰ ਦੇ ਕਈ ਹਿੱਸਿਆਂ ਵਿਚ ਸੜਕਾਂ ਦਾ ਕੰਮ ਅਧੂਰਾ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਨੰੂ ਰੋਜ਼ਾਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਭ ਤੋਂ ਵੱਡੀ ਮਿਸਾਲ ਜਗਰਾਉਂ ਪੁਲ ਦੇ ਨੇੜੇ ਵੇਖਣ ਨੰੂ ਮਿਲੀ ਜਿੱਥੇ ਨਿਗਮ ਵਲੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਤਾਂ ਕੀਤਾ ਗਿਆ, ਪਰ ਜਗਰਾਉਂ ਪੁਲ ਚੌਂਕ ਕੋਲ ਇਸ ਨੰੂ ਵਿਚਕਾਰ ਹੀ ਛੱਡ ਦਿੱਤਾ ਗਿਆ | ਇਸ ਕਾਰਨ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਰਾਹਗੀਰਾਂ ਨੰੂ ਟੋਇਆਂ ਨਾਲ ਜੂਝਣਾ ਪੈ ਰਿਹਾ ਹੈ | ਇਸੇ ਤਰ੍ਹਾਂ ਦਮੋਰੀਆ ਪੁਲ ਵਾਲੀ ਸੜਕ ਦਾ ਕੰਮ ਵੀ ਅਧੂਰਾ ਪਿਆ ਹੈ | ਨਿਗਮ ਵਲੋ ਪੁਲ ਤੱਕ ਸੜਕ ਨੰੂ ਆਰਐਮਸੀ ਨਾਲ ਤਿਆਰ ਕੀਤਾ ਗਿਆ, ਪਰ ਪੁਲ ਦੇ ਹੇਠਾਂ ਵਾਲਾ ਹਿੱਸਾ ਪੂਰੀ ਤਰ੍ਹਾਂ ਛੱਡ ਦਿੱਤਾ ਗਿਆ ਹੈ | ਉੱਥੇ ਵੱਡੇ-ਵੱਡੇ ਟੋਏ ਬਣ ਗਏ ਹਨ, ਜੋ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਨਿਗਮ ਵਲੋਂ ਬਿਨ੍ਹਾਂ ਪੂਰੀ ਯੋਜਨਾ ਦੇ ਸੜਕਾਂ ਨੰੂ ਤੋੜਿਆ ਜਾ ਰਿਹਾ ਹੈ ਅਤੇ ਫਿਰ ਉਨ੍ਹਾਂ ਨੰੂ ਸਮੇਂ ਤੇ ਤਿਆਰ ਨਹੀਂ ਕੀਤਾ ਜਾਂਦਾ | ਇਸ ਕਾਰਨ ਧੂੜ, ਜਾਮ ਅਤੇ ਹਾਦਸਿਆਂ ਦਾ ਖਤਰਾ ਵੱਧ ਗਿਆ ਹੈ | ਵਾਹਨ ਚਾਲਕਾਂ ਅਤੇ ਪੈਦਲ ਯਾਤਰੀਆਂ ਨੰੂ ਹਰ ਰੋਜ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਨਿਵਾਸੀਆਂ ਨੇ ਨਿਗਮ ਦੀ ਕਾਰਗੁਜ਼ਾਰੀ ਤੇ ਨਿਰਾਸ਼ਾ ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਵਿਕਾਸ ਦੇ ਨਾਂ 'ਤੇ ਕੀਤੇ ਜਾ ਰਹੇ ਇਹ ਕੰਮ ਹਕੀਕਤ ਵਿਚ ਲੋਕਾਂ ਲਈ ਸਿਰਦਰਦ ਬਣ ਗਏ ਹਨ | ਉਨ੍ਹਾਂ ਮੰਗ ਕੀਤਾ ਹੈ ਕਿ ਨਿਗਮ ਅਧਿਕਾਰੀ ਅਧੂਰੇ ਕੰਮਾਂ ਨੰੂ ਤੁਰੰਤ ਪੂਰਾ ਕਰਵਾਉਣ ਅਤੇ ਸ਼ਹਿਰ ਵਾਸੀਆਂ ਨੰੂ ਰਾਹਤ ਦਿੰਦੇ ਹੋਏ, ਜ਼ਿੰਮੇਵਾਰੀ ਨਾਲ ਕੰਮ ਕਰਨ |