ਲੁਧਿਆਣਾ, 5 ਮਈ (ਜਸਵਿੰਦਰ ਸਿੰਘ)-ਪੀ.ਏ.ਯੂ. ਵਿਚ ਪੱਤਰਕਾਰੀ ਦੇ ਪ੍ਰੋਫੈਸਰ ਡਾ. ਸ਼ੀਤਲ ਥਾਪਰ ਨੂੰ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਨਿਯੁਕਤ ਕੀਤਾ ਗਿਆ ਹੈ | ਇਸ ਖਬਰ ਉੱਪਰ ਖੁਸ਼ੀ ਪ੍ਰਗਟਾਉਂਦਿਆਂ ਪੀ.ਏ.ਯੂ. ਪਰਿਵਾਰ ਨੇ ਡਾ. ਥਾਪਰ ਨੂੰ ਇਸ ਜ਼ਿੰਮੇਵਾਰੀ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਮੌਜੂਦਾ ਸਮੇਂ ਵਾਈਸ ਚਾਂਸਲਰ ਦਫ਼ਤਰ ਵਿਖੇ ਨੋਡਲ ਅਫ਼ਸਰ, ਕੰਟੈਂਟ ਓਪਰੇਸ਼ਨਜ਼ ਵਜੋਂ ਸੇਵਾ ਨਿਭਾਅ ਰਹੇ ਅਤੇ ਸਿਵਲ ਸੇਵਾਵਾਂ ਲਈ ਰਾਜ ਸਿਖਲਾਈ ਕੇਂਦਰ ਦੇ ਆਨਰੇਰੀ ਨਿਰਦੇਸ਼ਕ ਡਾ. ਥਾਪਰ ਨੇ 1998 ਵਿਚ ਪੀ.ਏ.ਯੂ. ਵਿਚ ਸਹਾਇਕ ਪ੍ਰੋਫੈਸਰ ਵਜੋਂ ਆਪਣਾ ਕਾਰਜ ਸਫ਼ਰ ਸ਼ੁਰੂ ਕੀਤਾ | 2013 ਵਿਚ ਪ੍ਰੋਫੈਸਰ ਦੇ ਅਹੁਦੇ 'ਤੇ ਬਿਰਾਜਮਾਨ ਹੋਏ ਡਾ. ਸ਼ੀਤਲ ਥਾਪਰ ਵੱਕਾਰੀ ਸੇਂਟ ਬੇਡੇਜ਼ ਕਾਲਜ, ਸ਼ਿਮਲਾ ਦੇ ਸਾਬਕਾ ਵਿਦਿਆਰਥੀ ਰਹੇ | ਉਨ੍ਹਾਂ ਪੀ.ਏ.ਯੂ. ਤੋਂ ਪੱਤਰਕਾਰੀ ਅਤੇ ਜਨ ਸੰਚਾਰ ਵਿਚ ਮਾਸਟਰਜ਼ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਪੱਤਰਕਾਰੀ ਵਿਚ ਡਾਕਟਰੇਟ ਪ੍ਰਾਪਤ ਕੀਤੀ | ਉੱਘੇ ਅਕਾਦਮਿਕ ਮਾਹਿਰ ਡਾ. ਥਾਪਰ ਨੇ ਸੇਂਟ ਬੇਡੇਜ਼ ਵਿਖੇ ਆਪਣੀ ਗ੍ਰੈਜੂਏਸ਼ਨ ਦੌਰਾਨ ਮੈਰਿਟ ਪੁਜ਼ੀਸ਼ਨ ਪ੍ਰਾਪਤ ਕੀਤੀ ਅਤੇ ਪੀ.ਏ.ਯੂ. ਵਿਖੇ ਆਪਣੀ ਪੋਸਟ ਗ੍ਰੈਜੂਏਟ ਪੜ੍ਹਾਈ ਵਿਚ ਅਕਾਦਮਿਕ ਰੋਲ ਆਫ਼ ਆਨਰ ਦਾ ਸਤਿਕਾਰਯੋਗ ਮੁਕਾਮ ਪ੍ਰਾਪਤ ਕੀਤਾ | ਡਾ. ਸ਼ੀਤਲ ਥਾਪਰ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਨੂੰ ਅਕਾਦਮਿਕ ਖੇਤਰ ਤੋਂ ਅਗੇਰੇ ਵੀ ਮਾਨਤਾ ਹਾਸਿਲ ਹੋਈ ਹੈ | ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਵਿਚ ਡਿਜੀਟਲ ਮੀਡੀਆ ਵਰਤੋਂ 'ਤੇ ਕੇਂਦਰਿਤ ਆਈ. ਸੀ. ਐਸ. ਐਸ. ਆਰ. ਪ੍ਰਯੋਜਿਤ ਖੋਜ ਪ੍ਰੋਜੈਕਟ ਨੂੰ ਸਫਲਤਾਪੂਰਵਕ ਪੂਰਾ ਕੀਤਾ | ਉਨ੍ਹਾਂ ਦੇ ਚਿੰਤਨੀ ਕਾਰਜ ਵਿਚ ਅੱਠ ਕਿਤਾਬਾਂ, ਦੋ ਜੀਵਨੀਆਂ, ਯਾਦਗਾਰੀ ਚਿੰਨ੍ਹ, 26 ਖੋਜ ਪੱਤਰ ਅਤੇ ਅਕਾਦਮਿਕ ਪ੍ਰਸੰਗਿਕਤਾ ਦੇ ਕਈ ਲੇਖ ਸ਼ਾਮਿਲ ਹਨ |