ਢੰਡਾਰੀ ਕਲਾਂ/ਲੁਧਿਆਣਾ, 9 ਮਈ (ਜਸਵੀਰ ਸਿੰਘ ਬੰਗਾ)-ਸਰਕਾਰ ਵਲੋਂ ਲਗਾਏ ਜਾ ਰਹੇ ਸਮਾਰਟ ਮੀਟਰਾਂ ਦਾ ਲੋਕਾਂ ਵਲੋਂ ਪਹਿਲਾਂ ਹੀ ਵਿਰੋਧ ਕੀਤਾ ਜਾ ਰਿਹਾ ਹੈ | ਅੱਜ ਵਾਰਡ ਨੰਬਰ 32 ਅਧੀਨ ਆਉਂਦੇ ਇਲਾਕੇ ਸ਼ੇਰਪੁਰ ਖੁਰਦ ਵਿਖੇ ਵਾਪਰੀ ਇਕ ਘਟਨਾ ਨੇ ਸਮਾਰਟ ਮੀਟਰਾਂ ਦੀ ਅਸਲੀਅਤ ਲੋਕਾਂ ਸਾਹਮਣੇ ਲੈ ਆਉਂਦੀ | ਇੱਥੇ ਦੱਸਣਯੋਗ ਹੈ ਕਿ ਸ਼ੇਰਪੁਰ ਖੁਰਦ ਇਲਾਕੇ ਵਿਚ ਪਾਣੀ ਵਾਲੇ ਟਿਊਬਵੈੱਲ ਜਿਸ ਰਾਹੀਂ ਇਲਾਕੇ ਨੂੰ ਪਾਣੀ ਦੀ ਸਪਲਾਈ ਹੁੰਦੀ ਹੈ, ਉਸ ਉਪਰ ਸਰਕਾਰ ਵਲੋਂ ਸਮਾਰਟ ਮੀਟਰ ਲਗਾਇਆ ਗਿਆ ਸੀ, ਪਰ ਸਮੇਂ ਸਿਰ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਕਰਨ ਕਰਕੇ ਪਾਵਰਕਾਮ ਵਲੋਂ ਪਟਿਆਲਾ ਬੈਠੇ ਹੀ ਆਨਲਾਈਨ ਸਿਸਟਮ ਰਾਹੀਂ ਸ਼ੇਰਪੁਰ ਖੁਰਦ ਵਿਖੇ ਲੱਗੇ ਟਿਊਬਵੈੱਲ ਦੇ ਸਮਾਰਟ ਮੀਟਰ ਦੀ ਬਿਜਲੀ ਸਪਲਾਈ ਕੱਟ ਦਿੱਤੀ, ਜਿਸ ਕਾਰਨ ਪਾਣੀ ਦਾ ਟਿਊਬਵੈੱਲ ਚੱਲਣੋਂ ਬੰਦ ਹੋ ਗਿਆ ਤੇ ਲੋਕਾਂ 'ਚ ਪਾਣੀ ਨੂੰ ਲੈ ਕੇ ਹਫ਼ੜਾ-ਦਫ਼ੜੀ ਮੱਚ ਗਈ | ਪਿਛਲੇ ਤਿੰਨ ਦਿਨਾਂ ਤੋਂ ਟਿਊਬਵੈੱਲ ਬੰਦ ਹੋਣ ਕਾਰਨ ਘਰਾਂ ਵਿਚ ਪਾਣੀ ਦੀ ਸਪਲਾਈ ਰੁਕ ਗਈ, ਜਿਸ ਤੋਂ ਭੜਕੇ ਲੋਕਾਂ ਨੇ ਸ਼ੇਰਪੁਰ ਖੁਰਦ ਵਿਖੇ ਸਰਕਾਰ ਖ਼ਿਲਾਫ਼ ਧਰਨਾ ਦੇ ਦਿੱਤਾ | ਧਰਨੇ ਦੀ ਸੂਚਨਾ ਮਿਲਦੇ ਕੌਂਸਲਰ ਜਸਵਿੰਦਰ ਸਿੰਘ ਵੀਰੂ ਮੌਕੇ 'ਤੇ ਪਹੁੰਚੇ, ਜਿਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ | ਇਸ ਮੌਕੇ ਕੌਂਸਲਰ ਵੀਰੂ ਨੇ ਜਦ ਸੰਬੰਧਿਤ ਵਿਭਾਗ ਨੂੰ ਬਿਜਲੀ ਦਾ ਮੀਟਰ ਕੱਟਣ ਦਾ ਕਾਰਨ ਪੁੱਛਿਆਂ ਤਾਂ ਉਨ੍ਹਾਂ ਨੇ ਕਿਹਾ ਕਿ ਸਮਾਰਟ ਮੀਟਰ ਹੋਣ ਕਰਕੇ ਪਟਿਆਲਾ ਦਫ਼ਤਰ ਵਲੋਂ ਸਿੱਧੀ ਕਾਰਵਾਈ ਕਰਦਿਆਂ ਮੀਟਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ | ਕੌਂਸਲਰ ਵੀਰੂ ਨੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਹੋਇਆਂ ਟਿਊਬਵੈੱਲ ਦੇ ਕੁਨੈਕਸ਼ਨ ਨੂੰ ਡਾਇਰੈਕਟ ਕਰ ਦਿੱਤਾ, ਤਾਂ ਜੋ ਤਿੰਨ ਦਿਨਾਂ ਤੋਂ ਪਾਣੀ ਲਈ ਤਰਸ ਰਹੇ ਲੋਕਾਂ ਤੱਕ ਪਾਣੀ ਦੀ ਸਪਲਾਈ ਪਹੁੰਚ ਸਕੇ | ਇਸ ਮੌਕੇ ਧਰਨਾਕਾਰੀਆਂ ਨੇ ਕੌਂਸਲਰ ਵੀਰੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਸਮਾਰਟ ਮੀਟਰਾਂ ਦੀ ਅਦਾਇਗੀ ਨਹੀਂ ਕਰ ਸਕਦੀ ਤਾਂ ਇਸ ਨੂੰ ਲਗਾਉਣਾ ਬੰਦ ਕੀਤਾ ਜਾਵੇ |