ਲੁਧਿਆਣਾ, 12 ਮਈ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਸਰਾਭਾ ਨਗਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਾਰ ਦੀਆਂ ਨਾਕਾਮੀਆਂ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਤਜਰਬੇ ਦੀ ਘਾਟ ਕਾਰਨ 'ਆਪ' ਸਰਕਾਰ ਫ਼ੇਲ੍ਹ ਸਾਬਤ ਹੋ ਗਈ ਹੈ | ਉਨ੍ਹਾਂ ਐਨ.ਓ.ਸੀ. ਅਤੇ ਹੋਰ ਕਾਰਨਾਂ ਦਾ ਹਵਾਲਾ ਦੇ ਕੇ ਜ਼ਮੀਨਾਂ ਦੀਆਂ ਰਜਿਸਟਰੀਆਂ ਨਾ ਹੋਣ ਕਰਕੇ ਲੋਕਾਂ ਨੂੰ ਹੋ ਰਹੀ ਭਾਰੀ ਪਰੇਸ਼ਾਨੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਕਾਰੋਬਾਰ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਰੋਜ਼ਗਾਰ ਦੇਣ ਦੇ ਵਾਅਦੇ ਕਰਨ ਵਾਲੀ 'ਆਪ' ਨੇ ਖੋਹਿਆ ਲੋਕਾਂ ਦਾ ਰੁਜ਼ਗਾਰ, ਲੋਕ ਸਰਕਾਰ ਦੀਆਂ ਨੀਤੀਆਂ ਤੋਂ ਬੇਹੱਦ ਦੁਖੀ ਹਨ | ਉਨ੍ਹਾਂ ਨੇ ਕਿਹਾ ਕਿ ਸਰਕਾਰੀ ਦਾਅਵਿਆਂ ਦੇ ਬਾਵਜੂਦ ਹਾਲਾਤਾਂ ਵਿਚ ਕੋਈ ਸੁਧਾਰ ਨਹੀਂ ਆਇਆ ਹੈ | ਦੀਵਾਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਕਈ ਲੋਕਾਂ ਤੋਂ ਸੰਦੇਸ਼ ਆ ਰਹੇ ਹਨ, ਜਿਨ੍ਹਾਂ ਨੂੰ ਪੈਸੇ ਦੀ ਲੋੜ ਹੈ, ਲੇਕਿਨ ਆਪਣੀ ਜ਼ਮੀਨ ਨਹੀਂ ਵੇਚ ਪਾ ਰਹੇ | ਦੀਵਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੋਕ ਜ਼ਮੀਨ ਇਸ ਲਈ ਖਰੀਦਦੇ ਹਨ ਕਿ ਲੋੜ ਪੈਣ 'ਤੇ ਉਸ ਨੂੰ ਵੇਚਿਆ ਜਾ ਸਕੇ, ਲੇਕਿਨ ਮੌਜੂਦਾ ਸਰਕਾਰ ਨੇ ਲੋਕਾਂ ਦੀਆਂ ਵਧੀਆਂ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ ਹੈ | ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਕਈ ਲੋਕਾਂ ਵਲੋਂ ਖੁਦਕੁਸ਼ੀ ਕਰਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ | ਦੀਵਾਨ ਨੇ ਕਿਹਾ ਕਿ ਇਹ ਸਰਕਾਰ ਦੀਆਂ ਨੀਤੀਆਂ ਤੋਂ ਸਮਾਜ ਦਾ ਹਰ ਵਰਗ ਦੁਖੀ ਹੈ | ਉਨ੍ਹਾਂ ਨੇ ਕਿਹਾ ਕਿ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਜੋ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕੀਤਾ ਜਾ ਸਕੇ | ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਵਿਧਾਨ ਸਭਾ ਚੋਣਾਂ 'ਚ ਡੱਟ ਕੇ ਤਿਆਰ ਰਹਿਣ ਲਈ ਕਿਹਾ | ਮੀਟਿੰਗ ਦੌਰਾਨ ਹੋਰਾਂ ਤੋਂ ਇਲਾਵਾ ਇੰਦਰਜੀਤ ਕਪੂਰ, ਕੁਲਬੀਰ ਸਿੰਘ ਨੀਟਾ, ਬਿ੍ਜਮੋਹਨ ਕਾਲੀਆ, ਧਰਮਿੰਦਰ ਵਰਮਾ, ਰੋਹਿਤ ਪਾਹਵਾ, ਜਸਵਿੰਦਰ ਸਿੰਘ ਓਸਾਹਨ, ਸੁਨੀਲ ਸਹਿਗਲ, ਬਲਜੀਤ ਅਹੂਜਾ, ਹਰਭਗਤ ਗਰੇਵਾਲ, ਅਸ਼ਵਨੀ ਜੈਨ, ਅਜੇ ਗੁਪਤਾ, ਹੇਮੰਤ ਮਹਾਜਨ, ਹੈਪੀ ਕਪੂਰ, ਸਤੀਸ਼ ਗਰਗ, ਵਰੁਣ ਸ਼ਰਮਾ, ਸੋਨੂੰ ਛੀਬਾ, ਰੋਹਿਤ ਚੁੱਘ ਵੀ ਮੌਜੂਦ ਰਹੇ |