ਲਾਡੋਵਾਲ, 12 ਮਈ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਅ ਦੇ ਨਾਂਅ 'ਤੇ ਲੋਕਾਂ ਤੋਂ ਵੋਟਾਂ ਬਟੋਰ ਕੇ ਆਪਣਾ ਤੇ ਆਪਣਿਆਂ ਦਾ ਢਿੱਡ ਭਰਨ ਤੋਂ ਸਿਵਾਏ ਲੋਕਾਂ ਦਾ ਕੁਝ ਨਹੀਂ ਸਵਾਰਿਆ, ਜਿਸ ਕਰਕੇ ਲੋਕਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਅਤੇ 'ਆਪ' ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਦੇ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਨੇ ਨੇੜਲੇ ਪਿੰਡ ਕਾਦੀਆਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯੂ.ਪੀ. ਦੇ ਮੈਂਬਰ ਸੁਖਮੀਤ ਸਿੰਘ ਕਾਦੀਆਂ ਅਤੇ ਜ਼ਿਲ੍ਹਾ ਲੁਧਿਆਣਾ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਕਿਰਨਦੀਪ ਕੌਰ ਕਾਦੀਆਂ ਦੇ ਗ੍ਰਹਿ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਾਜਰੀਨ ਨਾਲ ਸਾਂਝੇ ਕੀਤੇ | ਸਿੰਮਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਜੋ ਵਿਕਾਸ ਕਾਰਜ ਕਰਵਾਏ ਗਏ ਅਤੇ ਹਰ ਵਰਗ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇ ਕੇ ਨਿਵਾਜਿਆ, ਦੀ ਅੱਜ ਵੀ ਸ਼ਲਾਘਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕ ਇਸ ਅੰਨੀ ਬੋਲੀ ਸਰਕਾਰ ਨੂੰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਰਾਰੀ ਹਾਰ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ | ਇਸ ਮੌਕੇ ਉਕਤ ਆਗੂਆਂ ਨੇ ਬੀਬੀ ਕਾਦੀਆਂ ਤੇ ਪਰਿਵਾਰ ਨੂੰ ਪੋਤੇ ਪੋਤੀ ਦੀਆਂ ਹਾਰਦਿਕ ਵਧਾਈਆਂ ਵੀ ਦਿੱਤੀਆਂ | ਇਸ ਮੌਕੇ ਸੁਖਮੀਤ ਸਿੰਘ ਕਾਦੀਆਂ ਐਸ.ਜੀ.ਪੀ.ਸੀ. ਮੈਂਬਰ ਯੂ.ਪੀ, ਬੀਬੀ ਕਿਰਨਦੀਪ ਕੌਰ ਕਾਦੀਆਂ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਇਸਤਰੀ ਵਿੰਗ, ਜਥੇਦਾਰ ਕਰਮਜੀਤ ਸਿੰਘ ਮਲਕਪੁਰ ਸਰਕਲ ਪ੍ਰਧਾਨ, ਇਕਬਾਲ ਸਿੰਘ ਮੰਝਫੱਗੂਵਾਲ ਸਰਕਲ ਪ੍ਰਧਾਨ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਲਵਲੀ, ਭੁਪਿੰਦਰ ਸਿੰਘ ਬਾਰਨਹਾੜਾ, ਹਰਸ਼ਵੀਰ ਝੰਮਕ ਪ੍ਰਧਾਨ ਯੂਥ ਵਿੰਗ ਹਲਕਾ ਗਿੱਲ ਅਤੇ ਨਰਿੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ |